India International

ਰੂਸੀ ਫੌਜ ‘ਚ ਸ਼ਾਮਲ ਹੋਣ ਵਾਲੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਹੋਵੇਗੀ, ਮੋਦੀ ਨੇ ਪੁਤਿਨ ਕੋਲ ਉਠਾਇਆ ਮੁੱਦਾ

ਰੂਸ ਦੇ ਦੋ ਦਿਨਾਂ ਦੌਰੇ ‘ਤੇ ਸੋਮਵਾਰ ਨੂੰ ਮਾਸਕੋ ਪਹੁੰਚੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ X ਦੇ ਹੈਂਡਲ ‘ਤੇ ਮੁਲਾਕਾਤ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ ਦੇ ਨਾਲ ਪੀਐਮ ਮੋਦੀ ਨੇ ਲਿਖਿਆ ਹੈ, ਮੈਂ ਅੱਜ ਸ਼ਾਮ ਨੋਵੋ-ਓਗੇਰੇਵੋ ਵਿੱਚ ਮੇਰਾ ਸੁਆਗਤ ਕਰਨ ਲਈ ਰਾਸ਼ਟਰਪਤੀ ਪੁਤਿਨ ਦਾ ਧੰਨਵਾਦ ਕਰਦਾ ਹਾਂ। ਮੈਂ ਕੱਲ੍ਹ ਦੀ ਗੱਲਬਾਤ ਦੀ ਉਮੀਦ ਕਰਦਾ ਹਾਂ, ਜੋ ਬਿਨਾਂ ਸ਼ੱਕ ਹੋਰ ਮਜ਼ਬੂਤੀ ਲਈ ਯੋਗਦਾਨ ਪਾਉਣਗੇ।” ਰੂਸ ਦੇ ਸਰਕਾਰੀ ਮੀਡੀਆ ਸਪੁਟਨਿਕ ਨੇ ਦੋਵਾਂ ਨੇਤਾਵਾਂ ਦੀ ਗੱਲਬਾਤ ਦਾ ਵੀਡੀਓ ਜਾਰੀ ਕੀਤਾ ਹੈ।

ਮੀਡੀਆ ਰਿਪੋਰਟਾਂ ‘ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਰੂਸ ਦੌਰੇ ‘ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕੋਲ ਇਹ ਮੁੱਦਾ ਉਠਾਇਆ। ਇਸ ਤੋਂ ਬਾਅਦ ਫੌਜਾਂ ਨੂੰ ਵਾਪਸ ਬੁਲਾਉਣ ‘ਤੇ ਸਹਿਮਤੀ ਬਣੀ।

ਪਿਛਲੇ ਮਹੀਨੇ ਇਸ ਜੰਗ ਵਿੱਚ ਦੋ ਭਾਰਤੀ ਮਾਰੇ ਗਏ ਸਨ। ਇਸ ਤੋਂ ਬਾਅਦ ਭਾਰਤ ਨੇ ਰੂਸ ਤੋਂ ਉਥੇ ਫੌਜ ‘ਚ ਭਰਤੀ ਭਾਰਤੀਆਂ ਨੂੰ ਵਾਪਸ ਭੇਜਣ ਦੀ ਮੰਗ ਕੀਤੀ ਸੀ। ਸਰਕਾਰ ਨੇ ਕਿਹਾ ਸੀ ਕਿ ਇਹ ਦੋਵਾਂ ਦੇਸ਼ਾਂ ਦੀ ਭਾਈਵਾਲੀ ਲਈ ਚੰਗਾ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ 22ਵੇਂ ਭਾਰਤ-ਰੂਸ ਸਾਲਾਨਾ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸੋਮਵਾਰ ਸ਼ਾਮ 5 ਵਜੇ ਮਾਸਕੋ ਪਹੁੰਚੇ। ਇੱਥੇ ਰਾਸ਼ਟਰਪਤੀ ਪੁਤਿਨ ਨੇ ਉਨ੍ਹਾਂ ਲਈ ਨਿਜੀ ਰਾਤ ਦੇ ਖਾਣੇ ਦਾ ਆਯੋਜਨ ਕੀਤਾ।

ਇਸ ਤੋਂ ਪਹਿਲਾਂ ਸੋਮਵਾਰ ਸ਼ਾਮ ਨੂੰ ਮਾਸਕੋ ਦੇ ਵਨੁਕੋਵੋ-2 ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਗਾਰਡ ਆਫ਼ ਆਨਰ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਰੂਸੀ ਫੌਜ ਨੇ ਭਾਰਤੀ ਰਾਸ਼ਟਰੀ ਗੀਤ ਦੀ ਧੁਨ ਵਜਾਈ। ਅੱਜ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਭਾਰਤ-ਰੂਸ ਸਾਲਾਨਾ ਸੰਮੇਲਨ ‘ਚ ਹਿੱਸਾ ਲੈਣਗੇ। ਮੋਦੀ ਅੱਜ ਮਾਸਕੋ ਵਿੱਚ ਰਹਿ ਰਹੇ ਭਾਰਤੀ ਪ੍ਰਵਾਸੀਆਂ ਦੇ ਇੱਕ ਸਮੂਹ ਨੂੰ ਵੀ ਸੰਬੋਧਨ ਕਰਨਗੇ।