ਮੁਹਾਲੀ : ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਮੱਠੀ ਹੋਣੀ ਸ਼ੁਰੂ ਹੋ ਗਈ ਹੈ। ਆਉਣ ਵਾਲੇ ਦੋ ਦਿਨਾਂ ਵਿੱਚ ਪੰਜਾਬ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਵੱਲੋਂ ਵੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਹਾਲਾਤ ਅਜਿਹੇ ਹਨ ਕਿ ਆਉਣ ਵਾਲੇ ਦੋ ਦਿਨਾਂ ‘ਚ ਵਾਯੂਮੰਡਲ ‘ਚ ਨਮੀ ਵਧ ਜਾਵੇਗੀ, ਜਿਸ ਤੋਂ ਬਾਅਦ ਲੋਕਾਂ ਨੂੰ ਹੁੰਮਸ ਦਾ ਸਾਹਮਣਾ ਕਰਨਾ ਪਵੇਗਾ। ਪਰ 11 ਜੁਲਾਈ ਨੂੰ ਇੱਕ ਵਾਰ ਫਿਰ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਦੇ ਤਾਪਮਾਨ ਵਿੱਚ ਪਿਛਲੇ 24 ਘੰਟਿਆਂ ਦੌਰਾਨ 0.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸੋਮਵਾਰ ਸ਼ਾਮ ਨੂੰ ਪੰਜਾਬ ਦਾ ਸਭ ਤੋਂ ਵੱਧ ਤਾਪਮਾਨ ਪਠਾਨਕੋਟ ਵਿੱਚ ਦਰਜ ਕੀਤਾ ਗਿਆ, ਜੋ ਕਿ 40 ਡਿਗਰੀ ਰਿਹਾ। ਜਦਕਿ ਫਰੀਦਕੋਟ ਵਿੱਚ 38.2 ਡਿਗਰੀ, ਬਠਿੰਡਾ ਵਿੱਚ 37 ਅਤੇ ਗੁਰਦਾਸਪੁਰ ਵਿੱਚ 36 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
11 ਨੂੰ ਕੁਝ ਥਾਵਾਂ ‘ਤੇ ਅਤੇ 12 ਤਰੀਕ ਨੂੰ ਬਹੁਤੀਆਂ ਥਾਵਾਂ ‘ਤੇ ਮੀਂਹ ਪਵੇਗਾ
ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਗਲੇ 5 ਦਿਨਾਂ ਤੱਕ ਪੰਜਾਬ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਪਰ ਪੰਜਾਬ ਵਿੱਚ 11 ਅਤੇ 12 ਜੁਲਾਈ ਨੂੰ ਆਮ ਮੀਂਹ ਪੈਣ ਦੀ ਸੰਭਾਵਨਾ ਹੈ। 11 ਜੁਲਾਈ ਨੂੰ ਕੁਝ ਥਾਵਾਂ ‘ਤੇ ਅਤੇ 12 ਜੁਲਾਈ ਨੂੰ ਜ਼ਿਆਦਾਤਰ ਥਾਵਾਂ ‘ਤੇ ਮੀਂਹ ਪੈ ਸਕਦਾ ਹੈ। ਇਸ ਨਾਲ ਤਾਪਮਾਨ ‘ਚ ਜ਼ਿਆਦਾ ਫਰਕ ਨਹੀਂ ਪਵੇਗਾ।
ਜ਼ਿਆਦਾਤਰ ਸ਼ਹਿਰਾਂ ਵਿੱਚ ਨਮੀ ਦਾ ਪੱਧਰ 85 ਤੋਂ 100 ਤੱਕ ਪਹੁੰਚ ਗਿਆ ਹੈ। ਸੋਮਵਾਰ ਨੂੰ ਮੀਂਹ ਨਾ ਪੈਣ ਕਾਰਨ ਨਮੀ ਵਧ ਗਈ ਅਤੇ ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਆਉਣ ਵਾਲੇ ਦੋ ਦਿਨ ਵੀ ਇਸੇ ਤਰ੍ਹਾਂ ਰਹਿਣ ਦੀ ਉਮੀਦ ਹੈ। ਅੰਮ੍ਰਿਤਸਰ ਵਿੱਚ ਨਮੀ ਦਾ ਪੱਧਰ 74 ਤੋਂ 86 ਫੀਸਦੀ, ਜਲੰਧਰ ਵਿੱਚ 59 ਤੋਂ 100 ਫੀਸਦੀ, ਲੁਧਿਆਣਾ ਵਿੱਚ 70 ਤੋਂ 77 ਫੀਸਦੀ ਅਤੇ ਪਟਿਆਲਾ ਵਿੱਚ 80 ਤੋਂ 86 ਫੀਸਦੀ ਦਰਜ ਕੀਤਾ ਗਿਆ।