Punjab

ਗਲਤ ਖ਼ਬਰਾਂ ਚਲਾਉਣ ਵਾਲੇ ਮੀਡੀਆ ਅਦਾਰਿਆਂ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਨਸੀਹਤ

ਮਾਨਸਾ : ਮਰਹੂਮ ਪੰਜਾਬੀ ਗਾਇਕ ਸਿੱਧੀ ਮੂਸੇਵਾਲੇ ਦੇ ਕਤਲ ਨੂੰ 2 ਸਾਲ ਤੋਂ ਵੱਧ ਸਮਾਂ ਹੋਣ ਤੋਂ ਬਾਅਦ ਅੱਜ ਵੀ ਉਸਦੇ ਮਾਤਾ ਪਿਤਾ ਇਨਸਾਫ ਦੀ ਉਡੀਕ ਕਰ ਰਹੇ ਹਨ। ਇਸੇ ਦੌਰਾਨ ਲੰਘੇ ਕੱਲ੍ਹ ਕੁਝ ਮੀਡੀਆ ਚੈਨਲਾਂ ਦੁਆਰਾ ਮੂਸੇਵਾਲੇ ਦੇ ਕਤਲ ਕੇਸ ਦੇ ਗਵਾਹਾਂ ਸਬੰਧੀ ਖ਼ਬਰਾਂ ਚਲਾਈਆਂ ਗਈਆਂ ਸਨ ਜਿਸਦਾ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੈਰ ਸਿੰਘ ਨੇ ਸਖ਼ਤ ਵਿਰੋਧ ਕੀਤਾ ਹੈ।

ਇਸ ਸਬੰਧੀ ਉਨ੍ਹਾਂ ਨੇ ਇੱਕ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਮੀਡੀਆ ਵੱਲੋਂ ਕੇਸ ਸੰਬੰਧਿਤ ਗਵਾਹਾਂ ਬਾਰੇ ਖ਼ਬਰਾਂ ਚਲਾਉਣਾ ਨਿਰਾਸ਼ ਵੀ ਕਰ ਰਿਹਾ ਹੈ ਅਤੇ ਕਿਸੇ ਅਣਸੁਖਾਵੀਂ ਘਟਨਾ ਅਤੇ ਬੇਬੁਨਿਆਦ ਚਰਚਾ ਨੂੰ ਵੀ ਸ਼ੁਰੂ ਕਰ ਰਿਹਾ ਹੈ।

ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਚੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ

ਸਿੱਧੂ ਦੇ ਜਾਣ ਤੋਂ 770 ਦਿਨਾਂ ਬਾਅਦ, ਸਿੱਧੂ ਦੇ ਚਾਹੁਣ ਵਾਲਿਆਂ ਦੇ ਧਿਆਨ ਹਿਤ ਸਿੱਧੂ ਦੇ ਕਤਲ ਸੰਬੰਧੀ ਚੱਲ ਰਿਹਾ ਕੇਸ ਦੋਸ਼ੀਆਂ ਵੱਲੋਂ ਉਲਝਾਉਣ ਦੀਆਂ ਸੈਂਕੜੇ ਕੋਸ਼ਿਸ਼ਾਂ ਬਾਅਦ ਵੀ ਮਾਣਯੋਗ ਅਦਾਲਤ ਵਿੱਚ ਅੱਗੇ ਵਧ ਰਿਹਾ ਹੈ। ਚਾਰਜ਼ ਫਰੇਮ ਹੋਣ ਬਾਅਦ ਅਗਲੀਆਂ ਕਾਰਵਾਈਆਂ ਅਹਿਮ ਅਤੇ ਨਾਜ਼ੁਕ ਹਨ, ਜਿੰਨਾਂ ਬਾਰੇ ਪਹਿਲਾਂ ਜਾਣਕਾਰੀ ਦੇਣਾ ਕੇਸ ਅਤੇ ਸੰਬੰਧਿਤ ਵਿਅਕਤੀਆਂ ਲਈ ਸਹੀ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਮੀਡੀਆ ਵੱਲੋਂ ਕੇਸ ਸੰਬੰਧਿਤ ਗਵਾਹਾਂ ਬਾਰੇ ਖ਼ਬਰਾਂ ਚਲਾਉਣਾ ਨਿਰਾਸ਼ ਵੀ ਕਰ ਰਿਹਾ ਹੈ ਅਤੇ ਕਿਸੇ ਅਣਸੁਖਾਵੀਂ ਘਟਨਾ ਅਤੇ ਬੇਬੁਨਿਆਦ ਚਰਚਾ ਨੂੰ ਵੀ ਸ਼ੁਰੂ ਕਰ ਰਿਹਾ ਹੈ। ਜ਼ਿੰਮੇਵਾਰ ਮੀਡੀਆ ਅਦਾਰਿਆਂ ਨੂੰ ਕੇਸ ਅਤੇ ਸੰਬੰਧਿਤ ਵਿਅਕਤੀਆਂ ਬਾਰੇ ਇਸ ਤਰ੍ਹਾਂ ਦੀਆਂ ਖਬਰਾਂ ਨਾ ਚਲਾਉਣ ਦੀ ਬੇਨਤੀ ਕਰਦੇ ਹਾਂ। ਜ਼ਰੂਰੀ ਜਾਣਕਾਰੀ ਪਰਿਵਾਰ ਵੱਲੋਂ ਸਾਂਝੀ ਕੀਤੀ ਜਾਂਦੀ ਰਹੇਗੀ।

ਦੱਸ ਦਈਏ ਕਿ ਲੰਘੇ ਕੱਲ੍ਹ ਮਾਨਸਾ ਦੀ ਅਦਾਲਤ ਵਿੱਚ ਸਿੱਧੂ ਮੂਸੇ ਵਾਲਾ ਕਤਲ ਕੇਸ ਦੀ ਸੁਣਵਾਈ ਹੋਣੀ ਸੀ ਅਤੇ ਅਦਾਲਤ ਵੱਲੋਂ ਕੇਸ ਦੀ ਅਗਲੀ ਸੁਣਵਾਈ 26 ਜੁਲਾਈ ਨੂੰ ਤੈਅ ਕੀਤੀ ਗਈ ਸੀ। ਜਿਸ ਤੋਂ ਬਾਅਦ ਕੁਝ ਮੀਡੀਆ ਅਦਾਰਿਆਂ ਨੇ ਇਸ ਦੀ ਵਜ੍ਹਾ ਅਦਾਲਤ ਵਿੱਚ ਗਵਾਹ ਨਾ ਹੋਣਾਂ ਦੱਸਿਆ ਸੀ।