India

NEET UG ਕਾਊਂਸਲਿੰਗ ਬਾਰੇ ਵੱਡੀ ਖ਼ਬਰ, ਤਰੀਕ ਕੀਤੀ ਮੁਲਤਵੀ

NEET-UG 2024 ਲਈ ਕਾਉਂਸਲਿੰਗ ਪ੍ਰਕਿਰਿਆ ਅਗਲੇ ਨੋਟਿਸ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਕਾਉਂਸਲਿੰਗ ਸੈਸ਼ਨ ਅੱਜ, ਯਾਨੀ 6 ਜੁਲਾਈ ਤੋਂ ਸ਼ੁਰੂ ਹੋਣ ਦੀ ਉਮੀਦ ਸੀ, ਹਾਲਾਂਕਿ ਮੈਡੀਕਲ ਕਾਉਂਸਲਿੰਗ ਕਮੇਟੀ ਨੇ ਇਸ ਲਈ ਕੋਈ ਵਿਸਤ੍ਰਿਤ ਨੋਟੀਫਿਕੇਸ਼ਨ ਅਤੇ ਸਮਾਂ-ਸਾਰਣੀ ਜਾਰੀ ਨਹੀਂ ਕੀਤੀ ਸੀ। ਅੱਜ ਇਹ ਸੈਸ਼ਨ ਸ਼ੁਰੂ ਨਹੀਂ ਕੀਤਾ ਗਿਆ ਹੈ।

ਸੂਤਰਾਂ ਨੇ ਦੱਸਿਆ ਹੈ ਕਿ ਕੁਝ ਮੈਡੀਕਲ ਕਾਲਜਾਂ ਨੂੰ ਮਨਜ਼ੂਰੀ ਪੱਤਰ ਜਾਰੀ ਕਰਨ ਦੀ ਪ੍ਰਕਿਰਿਆ ਅਜੇ ਜਾਰੀ ਹੈ ਅਤੇ ਨਵੀਆਂ ਸੀਟਾਂ ਜੋੜੀਆਂ ਜਾਣਗੀਆਂ। ਇੱਕ ਅਧਿਕਾਰਤ ਸੂਤਰ ਨੇ ਕਿਹਾ, “ਇਹ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕਾਉਂਸਲਿੰਗ ਦੀ ਮਿਤੀ ਦਾ ਐਲਾਨ ਕਰ ਦਿੱਤਾ ਜਾਵੇਗਾ, ਤਾਂ ਜੋ ਪਹਿਲੇ ਪੜਾਅ ਵਿੱਚ ਹੀ ਨਵੇਂ ਕਾਲਜਾਂ ਦੀਆਂ ਸੀਟਾਂ ’ਤੇ ਦਾਖ਼ਲਾ ਲਿਆ ਜਾ ਸਕੇ।” ਉਨ੍ਹਾਂ ਅੱਗੇ ਦੱਸਿਆ ਕਿ ਕੌਂਸਲਿੰਗ ਇਸ ਮਹੀਨੇ ਦੇ ਅੰਤ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਵਿਵਾਦਾਂ ਵਿੱਚ ਘਿਰੀ NEET-UG 2024 ਪ੍ਰੀਖਿਆ ਨੂੰ ਰੱਦ ਕਰਨ ਦੀ ਵਧਦੀ ਮੰਗ ਦੇ ਵਿਚਕਾਰ, ਕੇਂਦਰ ਅਤੇ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੂੰ ਕਿਹਾ ਕਿ ਗੁਪਤਤਾ ਦੀ ਉਲੰਘਣਾ ਦੇ ਬਿਨਾਂ ਕਿਸੇ ਸਬੂਤ ਦੇ ਇਸ ਨੂੰ ਰੱਦ ਕਰਨ ਦਾ ਬਹੁਤ ਮਾੜਾ ਪ੍ਰਭਾਵ ਪਵੇਗਾ ਕਿਉਂਕਿ ਇਸ ਨਾਲ ਲੱਖਾਂ ਇਮਾਨਦਾਰ ਉਮੀਦਵਾਰਾਂ ’ਤੇ ‘ਗੰਭੀਰ ਪ੍ਰਭਾਵ’ ਪੈ ਸਕਦਾ ਹੈ।

ਸੁਪਰੀਮ ਕੋਰਟ ਨੇ ਪਿਛਲੇ ਮਹੀਨੇ NEET-UG 2024 ਪ੍ਰੀਖਿਆ ਦੀ ਕਾਉਂਸਲਿੰਗ ਪ੍ਰਕਿਰਿਆ ਨੂੰ ਮੁਲਤਵੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਨੈਸ਼ਨਲ ਟੈਸਟਿੰਗ ਏਜੰਸੀ (NTA) ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਵਿੱਚ MBBS, BDS, ਆਯੁਸ਼ ਅਤੇ ਹੋਰ ਸਬੰਧਤ ਕੋਰਸਾਂ ਵਿੱਚ ਦਾਖ਼ਲੇ ਲਈ NEET-UG ਦਾ ਆਯੋਜਨ ਕਰਦੀ ਹੈ।