India Punjab

ਸ਼ਿਵਸੈਨਾ ਆਗੂ ’ਤੇ ਹਮਲੇ ਬਾਰੇ ‘ਆਪ’ ਸਾਂਸਦ ਦਾ ਵੱਡਾ ਬਿਆਨ! “ਥਾਪਰ ਨੂੰ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਦੀ ਬਰਸੀ ਮਨਾਉਣ ਤੇ ਲੱਡੂ ਵੰਡਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ”

ਬਿਉਰੋ ਰਿਪੋਰਟ: ਬੀਤੇ ਦਿਨ ਲੁਧਿਆਣਾ ਵਿੱਚ ਨਿਹੰਗਾਂ ਵੱਲੋਂ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਉਰਫ਼ ਗੋਰਾ ’ਤੇ ਤਲਵਾਰਾਂ ਨਾਲ ਹਮਲਾ ਕਰਨ ਦਾ ਮਾਮਲਾ ਭਖਿਆ ਹੋਇਆ ਹੈ। ਵੱਖ-ਵੱਖ ਸਿਆਸੀ ਆਗੂ ਇਸ ਹਮਲੇ ਦੀ ਨਿੰਦਾ ਕਰ ਰਹੇ ਹਨ। ਪੰਜਾਬ ਦੇ ਬਹੁਤ ਸਾਰੇ ਸੱਤਾਧਾਰੀ ਤੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੇ ਇਸ ਹਮਲੇ ਦੀ ਨਿੰਦਾ ਕਰਦਿਆਂ ਸਖ਼ਤ ਬਿਆਨ ਦਿੱਤੇ ਹਨ। ਪਰ ‘ਆਪ’ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਨੇ ਸਾਰਿਆਂ ਤੋਂ ਥੋੜਾ ਹੱਟਕੇ ਵੱਖਰਾ ਪੱਖ ਸਾਹਮਣੇ ਰੱਖਿਆ ਹੈ।

ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਨੇ ਸ਼ਨੀਵਾਰ ਨੂੰ ਸੰਦੀਪ ਥਾਪਰ ’ਤੇ ਹਮਲੇ ਦੀ ਨਿੰਦਾ ਵੀ ਕੀਤੀ, ਪਰ ਨਾਲ ਹੀ ਕਿਹਾ ਕਿ ਸ਼ਿਵ ਸੈਨਾ ਨੇਤਾ ਸੰਦੀਪ ਥਾਪਰ ਨੂੰ ਵੀ ਸਾਕਾ ਨੀਲਾ ਤਾਰਾ ਦੀ ਬਰਸੀ ਮਨਾਉਂਦੇ ਸਮੇਂ ਸੰਜਮ ਵਰਤਣਾ ਚਾਹੀਦਾ ਸੀ। ਉਨ੍ਹਾਂ ਇਸ ਸਬੰਧੀ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਪੋਸਟ ਕਰਕੇ ਆਪਣੇ ਪ੍ਰਤੀਕਰਮ ਦਿੱਤਾ ਹੈ ਜਿਸ ’ਤੇ ਹੁਣ ਚਰਚਾ ਸ਼ੁਰੂ ਹੋ ਗਈ ਹੈ।

ਆਪਣੀ ਪੋਸਟ ਵਿੱਚ ‘ਆਪ’ ਸੰਸਦ ਮੈਂਬਰ ਨੇ ਕਿਹਾ, “ਅਸੀਂ ਕਿਸੇ ਵੀ ਵਿਅਕਤੀ ਵਿਰੁੱਧ ਹਿੰਸਾ ਦੀ ਸਖ਼ਤ ਨਿੰਦਾ ਕਰਦੇ ਹਾਂ, ਪਰ ਸੰਦੀਪ ਥਾਪਰ ਨੂੰ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਣ ਲਈ ਕੁਝ ਸੰਜਮ ਵਰਤਣਾ ਚਾਹੀਦਾ ਸੀ। 6 ਜੂਨ ਨੂੰ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਦੀ ਬਰਸੀ ਮਨਾਉਣਾ ਅਤੇ ਲੱਡੂ ਵੰਡਣਾ ਸਿੱਖ ਭਾਵਨਾਵਾਂ ਨਾਲ ਖਿਲਵਾੜ ਹੈ। ਪਿਛਲੇ ਸਾਲ ਹੀ, ਉਸਨੇ ਪੰਜਾਬ ਦੀ ਤਬਾਹੀ ਦਾ ਮਜ਼ਾਕ ਉਡਾਇਆ ਸੀ ਜਦੋਂ ਪੂਰਾ ਸੂਬਾ ਹੜ੍ਹਾਂ ਦੀ ਮਾਰ ਝੱਲ ਰਿਹਾ ਸੀ। ਨਫ਼ਰਤ ਫੈਲਾਉਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਫਿਰਕੂ ਸਦਭਾਵਨਾ ਨੂੰ ਹਰ ਕੀਮਤ ‘ਤੇ ਬਰਕਰਾਰ ਰੱਖਣਾ ਚਾਹੀਦਾ ਹੈ।”

ਇਸ ਤੋਂ ਬਾਅਦ ਇਸੇ ਪੋਸਟ ਦੇ ਜਵਾਬ ਵਿੱਚ ਉਨ੍ਹਾਂ ਇੱਕ ਹੋਰ ਟਵੀਟ ਕੀਤਾ। ਇਸ ਵਿੱਚ ਉਨ੍ਹਾਂ ਲਿਖਿਆ ਕਿ ਪੰਜਾਬ ਦਾ ਇਤਿਹਾਸ ਅਤੇ ਲੋਕ ਅੱਤਵਾਦ ਦੌਰਾਨ ਵੀ ਪੰਜਾਬ ਵਿੱਚ ਹਿੰਦੂ ਸਿੱਖ ਭਾਈਚਾਰੇ ਦੀ ਫਿਰਕੂ ਸਦਭਾਵਨਾ ਨਾਲ ਛੇੜਛਾੜ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਨਿੱਕੇ-ਨਿੱਕੇ ਮੁਨਾਫ਼ੇ ਲਈ ਧਰਮ ਨੂੰ ਸਿਆਸਤ ਨਾਲ ਨਾ ਮਿਲਾਇਆ ਜਾਵੇ, ਅਜਿਹਾ ਨਾ ਹੋਵੇ ਕਿ ਪੰਜਾਬ ਮੁੜ ਕਾਲੇ ਦੌਰ ਵੱਲ ਧੱਕਿਆ ਜਾਵੇ।

ਦੱਸ ਦੇਈਏ ਇਸ ਮਾਮਲੇ ਵਿੱਚ ਪੁਲਿਸ ਨੇ ਘਟਨਾ ਦੇ ਕੁਝ ਘੰਟਿਆਂ ਬਾਅਦ ਹੀ ਦੋ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਬਾਬਾ ਬੁੱਢਾ ਦਲ ਨਾਲ ਸਬੰਧਿਤ ਹਨ। ਘਟਨਾ ਵੇਲੇ ਲਾਪਰਵਾਹੀ ਵਰਤਣ ਵਾਲੇ ਗੰਨਮੈਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਇਸ ਮਾਮਲੇ ਨਾਲ ਸਬੰਧਿਤ ਹੋਰ ਖ਼ਬਰਾਂ ਪੜ੍ਹੋ –
ਲੁਧਿਆਣਾ ’ਚ ਸ਼ਿਵਸੈਨਾ ਟਕਸਾਲੀ ਆਗੂ ’ਤੇ ਜਾਨਲੇਵਾ ਹਮਲੇ ਦਾ ਮਾਮਲਾ- 2 ਗ੍ਰਿਫ਼ਤਾਰ, ਥਾਪਰ ਦੀ ਹਾਲਤ ਗੰਭੀਰ
ਸ਼ਿਵਸੈਨਾ ਆਗੂ ‘ਤੇ ਜਾਨਲੇਵਾ ਹਮਲੇ ਦੀ ਨਿਹੰਗਾਂ ਨੇ ਲਈ ਜ਼ਿੰਮੇਵਾਰੀ ! ਕਿਹਾ ‘ਮਰਿਆਦਾ ਤੇ ਸ਼ਹੀਦਾਂ ਖਿਲਾਫ ਬੋਲਣ ਵਾਲੇ ਨਾਲ ਅਜਿਹਾ ਹੀ ਸਲੂਕ ਹੋਵੇਗਾ’ !