Punjab

ਲੁਧਿਆਣਾ ’ਚ ਸ਼ਿਵਸੈਨਾ ਟਕਸਾਲੀ ਆਗੂ ’ਤੇ ਜਾਨਲੇਵਾ ਹਮਲੇ ਦਾ ਮਾਮਲਾ- 2 ਗ੍ਰਿਫ਼ਤਾਰ, ਥਾਪਰ ਦੀ ਹਾਲਤ ਗੰਭੀਰ

ਲੁਧਿਆਣਾ: ਬੀਤੇ ਦਿਨ ਸ਼ੁੱਕਰਵਾਰ ਨੂੰ ਲੁਧਿਆਣਾ ਵਿੱਚ ਨਿਹੰਗਾਂ ਨੇ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਉਰਫ਼ ਗੋਰਾ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਦਾ ਗੰਨਮੈਨ ਵਿਰੋਧ ਕਰਨ ਦੀ ਬਜਾਏ ਇੱਕ ਪਾਸੇ ਖੜਾ ਹੋ ਗਿਆ। ਇਸ ਨਾਲ ਹਿੰਦੂ ਸੰਗਠਨ ਨਾਰਾਜ਼ ਹਨ। ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਹਰਕਤ ’ਚ ਆ ਗਈ ਹੈ।

ਨਿਹੰਗਾਂ ਨੇ ਹਮਲੇ ਤੋਂ ਬਾਅਦ ਇੱਕ ਵੀਡੀਓ ਵੀ ਜਾਰੀ ਕੀਤੀ ਅਤੇ ਕਿਹਾ ਕਿ ਜੇਕਰ ਕੋਈ ਉਨ੍ਹਾਂ ਦੇ ਧਰਮ, ਮਰਿਆਦਾ ਤੇ ਸ਼ਹੀਦਾਂ ਬਾਰੇ ਕੁਝ ਵੀ ਕਹਿੰਦਾ ਹੈ, ਤਾਂ ਉਨ੍ਹਾਂ ਦਾ ਇਹੀ ਹਸ਼ਰ ਕੀਤਾ ਜਾਵੇਗਾ।

ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਸ਼ੁੱਕਰਵਾਰ ਸ਼ਾਮ ਨੂੰ ਦੱਸਿਆ ਕਿ ਦੋ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਬਾਬਾ ਬੁੱਢਾ ਦਲ ਨਾਲ ਸਬੰਧਿਤ ਹਨ। ਗੰਨਮੈਨ ਖ਼ਿਲਾਫ਼ ਵਿਭਾਗੀ ਜਾਂਚ ਕੀਤੀ ਜਾਵੇਗੀ।

ਇਸ ਦੇ ਵਿਰੋਧ ਵਿੱਚ ਹਿੰਦੂ ਆਗੂਆਂ ਨੇ ਸ਼ਨੀਵਾਰ ਨੂੰ ਲੁਧਿਆਣਾ ਬੰਦ ਦਾ ਐਲਾਨ ਕੀਤਾ ਸੀ ਪਰ ਦੇਰ ਰਾਤ ਹਿੰਦੂ ਆਗੂਆਂ ਨੇ ਲੁਧਿਆਣਾ ਬੰਦ ਦੇ ਸੱਦੇ ਨੂੰ ਮੁਲਤਵੀ ਕਰ ਦਿੱਤਾ ਹੈ। ਇਸ ਦੌਰਾਨ ਸੀਪੀ ਕੁਲਦੀਪ ਚਾਹਲ ਨੇ ਸ਼ਿਵ ਸੈਨਾ ਆਗੂ ਥਾਪਰ ਦਾ ਹਾਲ-ਚਾਲ ਪੁੱਛਿਆ।

ਹਿੰਦੂ ਆਗੂਆਂ ਦਾ ਕਹਿਣਾ ਹੈ ਕਿ ਪਹਿਲਾਂ ਅੰਮ੍ਰਿਤਸਰ ਵਿੱਚ ਸੁਧੀਰ ਸੂਰੀ ਅਤੇ ਹੁਣ ਸੰਦੀਪ ਥਾਪਰ ਦੇ ਮਾਮਲੇ ਵਿੱਚ ਗੰਨਮੈਨ ਨੇ ਕੁਝ ਨਹੀਂ ਕੀਤਾ। ਜੇਕਰ ਉਨ੍ਹਾਂ ਨੇ ਕੁਝ ਕਰਨਾ ਹੀ ਨਹੀਂ ਹੈ ਤਾਂ ਫਿਰ ਪੁਲਿਸ ਉਨ੍ਹਾਂ ਦੀ ਜਾਨ ਖ਼ਤਰੇ ਵਿੱਚ ਪਾ ਰਹੀ ਹੈ।

ਪੁਲਿਸ ਨੇ ਸੁਰੱਖਿਆ ਪ੍ਰਬੰਧ ਵਧਾਏ

ਹਿੰਦੂ ਨੇਤਾਵਾਂ ਦੇ ਵਿਰੋਧ ਦੇ ਮੱਦੇਨਜ਼ਰ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਬਾਜ਼ਾਰਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਟਕਰਾਅ ਨੂੰ ਰੋਕਣ ਲਈ ਗਸ਼ਤ ਵਧਾ ਦਿੱਤੀ ਗਈ ਹੈ। ਸ਼ਿਵ ਸੈਨਾ ਆਗੂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਸੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ – ਸਹੁੰ ਚੁੱਕਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਸਾਹਮਣੇ 4 ਵੱਡੀਆਂ ਚੁਣੌਤੀਆਂ, ਅਜੇ ਵੀ ਮੈਂਬਰਸ਼ਿਪ ਰੱਦ ਹੋਣ ਦਾ ਖ਼ਤਰਾ ਬਰਕਰਾਰ