India

ਹਾਥਰਸ ਹਾਦਸੇ ਮਗਰੋਂ ਪਹਿਲੀ ਵਾਰ ਬੋਲੇ ਭੋਲੇ ਬਾਬਾ! “ਬਦਮਾਸ਼ਾਂ ਨੂੰ ਬਖਸ਼ਿਆ ਨਹੀਂ ਜਾਵੇਗਾ”, ਮੁੱਖ ਦੋਸ਼ੀ ਦਿੱਲੀ ਤੋਂ ਗ੍ਰਿਫ਼ਤਾਰ

ਉੱਤਰ ਪ੍ਰਦੇਸ਼: ਹਾਥਰਸ ਹਾਦਸੇ ਤੋਂ ਬਾਅਦ ਭੋਲੇ ਬਾਬਾ ਪਹਿਲੀ ਵਾਰ ਸਾਹਮਣੇ ਆਏ। ਮੈਨਪੁਰੀ, ਯੂਪੀ ਵਿੱਚ ਨਿਊਜ਼ ਏਜੰਸੀ ਏਐਨਆਈ ਨੂੰ ਉਨ੍ਹਾਂ ਦੱਸਿਆ ਕਿ 2 ਜੁਲਾਈ ਦੀ ਘਟਨਾ ਤੋਂ ਬਾਅਦ ਅਸੀਂ ਬਹੁਤ ਦੁਖੀ ਹਾਂ। ਸਾਨੂੰ ਅਤੇ ਸਾਡੀ ਸੰਗਤ ਨੂੰ ਇਸ ਮੁਸ਼ਕਲ ਸਮੇਂ ਨੂੰ ਪਾਰ ਕਰਨ ਦੀ ਸ਼ਕਤੀ ਦਿਓ। ਸਾਰੇ ਸਾਸ਼ਨ ਤੇ ਪ੍ਰਸ਼ਾਸਨ ਵਿੱਚ ਵਿਸ਼ਵਾਸ ਰੱਖੋ। ਸਾਨੂੰ ਭਰੋਸਾ ਹੈ ਕਿ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸਾਡੀ ਕਮੇਟੀ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖਮੀਆਂ ਦੀ ਮਦਦ ਕਰੇਗੀ।

ਉੱਧਰ ਹਾਥਰਸ ਹਾਦਸੇ ’ਤੇ ਬਸਪਾ ਮੁਖੀ ਮਾਇਆਵਤੀ ਦਾ ਪਹਿਲਾ ਬਿਆਨ ਆਇਆ ਹੈ। ਉਨ੍ਹਾਂ ਕਿਹਾ- ਭੋਲੇ ਬਾਬਾ ਸਮੇਤ ਜੋ ਵੀ ਦੋਸ਼ੀ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਦੂਜੇ ਪਾਸੇ, ਹਾਦਸੇ ਦੇ ਮੁੱਖ ਦੋਸ਼ੀ ਦੇਵ ਪ੍ਰਕਾਸ਼ ਮਧੂਕਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੇ ਦਿੱਲੀ ਦੇ ਨਜਫਗੜ੍ਹ-ਉੱਤਮ ਨਗਰ ਦੇ ਵਿਚਕਾਰ ਇੱਕ ਹਸਪਤਾਲ ਵਿੱਚ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਇਸ ਗੱਲ ਦੀ ਪੁਸ਼ਟੀ ਖੁਦ ਭੋਲੇ ਬਾਬਾ ਦੇ ਵਕੀਲ ਨੇ ਕੀਤੀ ਹੈ। ਯੂਪੀ ਪੁਲਿਸ ਨੇ ਉਸ ‘ਤੇ 1 ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਸੀ।

ਇਸ ਦੇ ਨਾਲ ਹੀ ਭੋਲੇ ਬਾਬਾ ਦੇ ਸਤਿਸੰਗ ਤੋਂ ਬਾਅਦ ਮਚੀ ਭਗਦੜ ਦੀ ਐਸਆਈਟੀ ਦੀ ਮੁੱਢਲੀ ਜਾਂਚ ਰਿਪੋਰਟ ਸਾਹਮਣੇ ਆ ਗਈ ਹੈ। ਕਿਹਾ ਗਿਆ ਸੀ ਕਿ ਇਹ ਭਗਦੜ ਲਾਪਰਵਾਹੀ ਅਤੇ ਮਾੜੇ ਪ੍ਰਬੰਧਨ ਕਾਰਨ ਹੋਈ ਹੈ। ਅਧਿਕਾਰੀ ਸਥਿਤੀ ਦਾ ਜਾਇਜ਼ਾ ਲੈਣ ਵਿੱਚ ਅਸਫ਼ਲ ਰਹੇ। ਜ਼ਿਲ੍ਹੇ ਦੇ ਅਹਿਮ ਅਧਿਕਾਰੀਆਂ ਸਮੇਤ 90 ਲੋਕਾਂ ਦੇ ਬਿਆਨ ਲਏ ਗਏ ਹਨ। ਹੁਣ ਤੱਕ ਮਿਲੇ ਸਬੂਤ ਪ੍ਰਬੰਧਕਾਂ ਨੂੰ ਦੋਸ਼ੀ ਸਾਬਤ ਕਰਦੇ ਹਨ।

ਆਗਰਾ ਜ਼ੋਨ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ ਅਨੁਪਮ ਕੁਲਸ਼੍ਰੇਸਥਾ ਐਸਆਈਟੀ ਦੇ ਮੁਖੀ ਹਨ। ਹਾਥਰਸ ਭਗਦੜ ਕਾਂਡ ਦੀ ਤਿੰਨ ਮੈਂਬਰੀ ਐਸਆਈਟੀ ਜਾਂਚ ਕਰ ਰਹੀ ਹੈ। ਇਸ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ, ਜਿਸ ਦੀ ਰਿਪੋਰਟ ਸਰਕਾਰ ਨੂੰ ਸੌਂਪੀ ਜਾਵੇਗੀ।

ਐਸਆਈਟੀ ਮੁਖੀ ਅਨੁਪਮ ਕੁਲਸ਼੍ਰੇਸ਼ਠ ਨੇ ਪੀਟੀਆਈ ਨਿਊਜ਼ ਏਜੰਸੀ ਨੂੰ ਦੱਸਿਆ ਕਿ ਸਤਿਸੰਗ ਵਿੱਚ ਭੀੜ ਉਮੀਦ ਤੋਂ ਵੱਧ ਸੀ। ਵੱਡੀ ਗਿਣਤੀ ਵਿੱਚ ਸ਼ਰਧਾਲੂ ਨਵੇਂ ਸਨ। ਉਹ ਬਾਬਾ ਨੂੰ ਦੇਖਣ ਲਈ ਅੱਗੇ ਵਧੇ, ਜਿਸ ਦੌਰਾਨ ਭੀੜ ਕਾਬੂ ਤੋਂ ਬਾਹਰ ਹੋ ਗਈ। ਲਾਪਰਵਾਹੀ ਅਤੇ ਮਾੜੇ ਪ੍ਰਬੰਧਨ ਕਾਰਨ ਇਹ ਭਗਦੜ ਮੱਚ ਗਈ। ਸਮਾਗਮ ਦੀ ਇਜਾਜ਼ਤ ਲੈਣ ਸਮੇਂ ਪ੍ਰਬੰਧਕੀ ਕਮੇਟੀ ਨੇ ਆਪਣੇ ਪੱਧਰ ’ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਦਾ ਭਰੋਸਾ ਦਿੱਤਾ ਸੀ।

ਇਹ ਵੀ ਪੜ੍ਹੋ – ਮੌਸਮ ਦੀ ਤਾਜ਼ਾ ਜਾਣਕਾਰੀ- ਪੰਜਾਬ ਦੇ 9 ਜ਼ਿਲ੍ਹਿਆਂ ’ਚ ਪਵੇਗਾ ਮੀਂਹ! ਚੰਡੀਗੜ੍ਹ-ਮੁਹਾਲੀ ’ਚ ਹੋ ਰਹੀ ਰਿਮਝਿਮ