Punjab

ਸ਼ਿਵਸੈਨਾ ਆਗੂ ‘ਤੇ ਜਾਨਲੇਵਾ ਹਮਲੇ ਦੀ ਨਿਹੰਗਾਂ ਨੇ ਲਈ ਜ਼ਿੰਮੇਵਾਰੀ ! ਕਿਹਾ ‘ਮਰਿਆਦਾ ਤੇ ਸ਼ਹੀਦਾਂ ਖਿਲਾਫ ਬੋਲਣ ਵਾਲੇ ਨਾਲ ਅਜਿਹਾ ਹੀ ਸਲੂਕ ਹੋਵੇਗਾ’ !

ਬਿਉਰੋ ਰਿਪੋਰਟ – ਲੁਧਿਆਣਾ ਵਿੱਚ ਸ਼ਿਵਸੈਨਾ ਟਕਸਾਲੀ ਆਗੂ ਸੰਦੀਪ ਥਾਪਰ ‘ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਜਿੱਥੇ ਸਿਆਸਤ ਭੱਖ ਗਈ ਹੈ ਉੱਥੇ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗਾਂ ਦਾ ਵੀਡੀਓ ਸਾਹਮਣੇ ਆਇਆ ਹੈ ।
ਇਸ ਦੌਰਾਨ ਸੰਦੀਪ ਥਾਪਰ ਨੇ ਹਮਲੇ ਲਈ ਲੁਧਿਆਣਾ ਦੇ ਕਮਿਸ਼ਨਰ ਕੁਲਦੀਪ ਚਹਿਰ ‘ਤੇ ਗੰਭੀਰ ਇਲਜ਼ਾਮ ਲਗਾਏ ਹਨ । ਉਨ੍ਹਾਂ ਕਿਹਾ ਕਿ ਮੈਨੂੰ ਜਾਨੋ ਮਾਰਨ ਦੀ ਧਮਕੀਆਂ ਮਿਲ ਰਹੀਆਂ ਸਨ ਕਈ ਵਾਰ ਪੁਲਿਸ ਕਮਿਸ਼ਨਰ ਨੂੰ ਸੁਰੱਖਿਆ ਵਧਾਉਣ ਦੀ ਅਪੀਲ ਕੀਤੀ ਸੀ ਪਰ ਉਨ੍ਹਾਂ ਨੇ ਅਣਸੁਣਿਆ ਕਰ ਦਿੱਤਾ ।

ਸੰਦੀਪ ਥਾਪਰ ਮੁਤਾਬਿਕ ਉਹ ਇੱਕ ਪ੍ਰੋਗਰਾਮ ਤੋਂ ਘਰ ਜਾ ਰਹੇ ਸਨ ਸਿਵਲ ਹਸਪਤਾਲ ਦੇ ਬਾਹਰ 3 ਨਿਹੰਗ ਆਏ ਅਤੇ ਉਨ੍ਹਾਂ ਨੇ ਤਲਵਾਰ ਦੇ ਨਾਲ ਉਸ ‘ਤੇ ਹਮਲਾ ਕਰ ਦਿੱਤਾ,ਹਮਲੇ ਦੇ ਵੇਲੇ ਗੰਨਮੈਨ ਸੰਦੀਪ ਦੇ ਨਾਲ ਮੌਜੂਦ ਸਨ । ਉਨ੍ਹਾਂ ਦੇ ਕੋਲ ਰੀਵਾਲਵਰ ਸੀ ਪਰ ਨਿਹੰਗਾਂ ਨੇ ਖੋਹ ਲਈ ਸੀ ਜਿਸ ਤੋਂ ਬਾਅਦ ਗੰਨਮੈਨ ਬਚਾਅ ਕਰਨ ਦੀ ਥਾਂ ਕਿਨਾਰੇ ਹੋ ਗਏ । ਹਮਲਾ ਕਰਨ ਤੋਂ ਬਾਅਦ ਨਿਹੰਗ ਸੰਦੀਪ ਦੀ ਸਕੂਟੀ ਲੈਕੇ ਫਰਾਰ ਹੋ ਗਏ । ਹੁਣ ਕੁਝ ਨਿਹੰਗਾਂ ਨੇ ਵੀਡੀਓ ਪਾਕੇ ਇਸ ਦੀ ਜ਼ਿੰਮੇਵਾਰੀ ਲੈਣ ਦੇ ਨਾਲ ਧਮਕੀ ਦਿੱਤੀ ਹੈ । ਉਧਰ ਹਸਪਤਾਲ ਵਿੱਚ ਸੰਦੀਪ ਥਾਪਰ ਨੂੰ ਮਿਲਣ ਪਹੁੰਚੀ ਪੁਲਿਸ ਨੇ ਕਿਹਾ ਅਸੀਂ ਹਮਲਾਵਰਾਂ ਦੀ ਪਛਾਣ ਕਰ ਲਈ ਅਤੇ 302 ਅਧੀਨ ਮਾਮਲਾ ਦਰਜ ਕਰ ਲਿਆ ਹੈ।

ਸਿੱਖ ਧਰਮ ਕਿਸੇ ਦਾ ਵਿਰੋਧ ਨਹੀਂ ਕਰਦਾ ਹੈ

ਵਾਰਦਾਤ ਦੇ ਬਾਅਦ ਨਿਹੰਗਾਂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕਰਦੇ ਹੋਏ ਕਿਹਾ ਕਿ ਜੋ ਵੀ ਸਾਡੇ ਧਰਮ,ਮਰਿਆਦਾ ਅਤੇ ਸ਼ਹੀਦਾਂ ਦੇ ਖਿਲਾਫ ਬੋਲੇਗਾ,ਅਸੀਂ ਉਸ ਦੇ ਨਾਲ ਅਜਿਹਾ ਹੀ ਸਲੂਕ ਕਰਾਂਗੇ ਜੋ ਅੱਜ ਲੁਧਿਆਣਾ ਵਿੱਚ ਕੀਤਾ ਹੈ । ਉਨ੍ਹਾਂ ਕਿਹਾ ਅਸੀਂ ਜਾਤ ਦੇ ਖਿਲਾਫ ਬੋਲਣ ਵਾਲੇ ਕਿਸੇ ਵੀ ਸ਼ਖਸ ਨੂੰ ਨਹੀਂ ਛੱਡਾਂਗੇ । ਵੀਡੀਓ ਵਿੱਚ ਕਿਹਾ ਸਿੱਖ ਧਰਮ ਕਿਸੇ ਦਾ ਵਿਰੋਧ ਨਹੀਂ ਕਰਦਾ ਹੈ । ਉਨ੍ਹਾਂ ਨੇ ਕਿਹਾ ਕਿ ਜੀਭ ਵਿੱਚ ਹੱਡੀ ਨਹੀਂ ਹੁੰਦੀ ਪਰ ਹੱਡੀ ਤੁੜਵਾ ਸਕਦੀ ਹੈ । ਸਾਡੇ ਧਰਮ ਅਤੇ ਸ਼ਹੀਦਾਂ ਦੇ ਖਿਲਾਫ ਬੋਲਣ ਵਾਲੇ ਨੂੰ ਜ਼ਬਾਨ ‘ਤੇ ਕੰਟਰੋਲ ਕਰਨਾ ਚਾਹੀਦਾ ਹੈ। ਸਾਨੂੰ ਕਹਿੰਦੇ ਸੀ ਕਿ ਨਿਹੰਗ ਕੁਝ ਕਰਦੇ ਨਹੀਂ,ਮੌਕਾ ਮਿਲਿਆ ਤਾਂ ਇਸੇ ਤਰ੍ਹਾਂ ਖਾਲਸਾ ਆਪਣਾ ਰੂਪ ਵਿਖਾਉਂਦਾ ਰਹੇਗਾ ।

ਹਮਲੇ ‘ਤੇ ਸਿਆਸਤ ਭੱਖੀ

ਲੁਧਿਆਣਾ ਵੈਸਟ ਤੋਂ ਆਪ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਜਿਸ ਨੇ ਵੀ ਸਾਡੇ ਸ਼ਹਿਰ ਵਿੱਚ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਨੂੰ ਛੱਡਿਆ ਨਹੀਂ ਜਾਵੇਗਾ । ਮੈਂ ਇਸ ਬਾਰੇ ਪੁਲਿਸ ਕਮਿਸ਼ਨਰ ਨਾਲ ਗੱਲ ਕਰਾਂਗਾ ।

ਲੁਧਿਆਣਾ ਤੋਂ ਐੱਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਿਵਸੈਨਾ ਦੇ ਆਗੂ ‘ਤੇ ਹੋਏ ਹਮਲੇ ਨੂੰ ਗਲਤ ਕਰਾਰ ਦਿੱਤਾ,ਉਨ੍ਹਾਂ ਕਿਹਾ ਸ਼ਹਿਰ ਵਿੱਚ ਡਰ ਦਾ ਮਾਹੌਲ ਹੈ । ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਾਨੂੰਨ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਗਿਆ ਹੈ ਭਗਵੰਤ ਮਾਨ ਸਰਕਾਰ ਨੇ । ਪੂਰਾ ਅਮਲਾ ਚੋਣ ਜਿੱਤਣ ‘ਤੇ ਲਾ ਦਿੱਤਾ ਗਿਆ ਹੈ,ਕਾਨੂੰਨੀ ਹਾਲਾਤਾ ਬਾਰੇ ਕੋਈ ਫਿਕਰ ਨਹੀਂ ਹੈ ।

ਪੰਜਾਬ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ‘ਸ਼ਿਵ ਸੈਨਾ ਆਗੂ ਸੰਦੀਪ ਥਾਪਰ ਤੇ ਲੁਧਿਆਣਾ ‘ਚ ਦਿਨ ਦਿਹਾੜੇ ਹੋਇਆ ਕਾਤਲਾਨਾ ਹਮਲਾ ਜਿੱਥੇ ਨਿੰਦਾਯੋਗ ਹੈ ਉਥੇ ਸਰੇਬਾਜ਼ਾਰ ਹੋਈ ਇਸ ਘਟਨਾ ਨੇ ਪੰਜਾਬ ਸਰਕਾਰ ਦੀ ਅਗਵਾਈ ‘ਚ ਸੂਬੇ ਦੀ ਕਾਨੂੰਨ ਵਿਵਸਥਾ ਵੀ ਹਾਲਤ ਦਾ ਖੁਲਾਸਾ ਵੀ ਕਰ ਦਿੱਤਾ। ਇਸ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ‘ਚ ਸ਼ਾਂਤੀ ਵਿਵਸਥਾ ਬਣਾ ਕੇ ਰੱਖਣ ਵਿੱਚ ਬੁਰੀ ਤਰ੍ਹਾਂ ਨਕਾਮ ਸਾਬਿਤ ਹੋ ਰਹੀ ਹੈ l ਇਸ ਕਾਤਲਾਨਾ ਹਮਲੇ ਦੇ ਦੋਸ਼ੀਆਂ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ।

ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਸੋਸ਼ਲ ਮੀਡੀਆ ਤੇ ਘਟਨਾ ਦੀ ਨਿਖੇਦੀ ਕਰਦੇ ਹੋਏ ਮਾਨ ਸਰਕਾਰ ਨੂ ਘੇਰਿਆ ਉਨ੍ਹਾਂ ਕਿਹਾ ‘ਮੈਂ ਸ਼ਿਵ ਸੈਨਾ ਆਗੂ ਸੰਦੀਪ ਥਾਪਰ ‘ਤੇ ਹੋਏ ਕਾਤਲਾਨਾ ਹਮਲੇ ਦੀ ਸਖ਼ਤ ਨਿਖੇਧੀ ਕਰਦਾ ਹਾਂ। ਬੇਅੰਤ ਕੁਰਬਾਨੀਆਂ ਤੋਂ ਬਾਅਦ ਪੰਜਾਬ ਵਿੱਚ ਸ਼ਾਂਤੀ ਪਰਤੀ ਹੈ, ਕਿਸੇ ਨੂੰ ਵੀ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੰਜਾਬ ਵਿੱਚ ਸਾਰੇ ਧਰਮਾਂ ਦੇ ਲੋਕ ਪਿਆਰ ਅਤੇ ਭਾਈਚਾਰਕ ਸਾਂਝ ਨਾਲ ਰਹਿੰਦੇ ਹਨ। ਬਾਹਰੀ ਤਾਕਤਾਂ ਹਨ ਜੋ ਆਪਣੇ ਸਿਆਸੀ ਫਾਇਦਿਆਂ ਲਈ ਪੰਜਾਬ ਦੀ ਸ਼ਾਂਤੀ ਨੂੰ ਇੱਕ ਵਾਰ ਫਿਰ ਭੰਗ ਕਰਨਾ ਚਾਹੁੰਦੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਆਪਣੇ ਨਾਟਕਾਂ ਨੂੰ ਬੰਦ ਕਰੋ ਅਤੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਧਿਆਨ ਦਿਓ। ਤੁਸੀਂ ਨਸ਼ਿਆਂ ‘ਤੇ ਕਾਬੂ ਪਾਉਣ ‘ਚ ਅਸਫ਼ਲ ਰਹੇ ਹੋ, ਹੁਣ ਕਾਨੂੰਨ ਵਿਵਸਥਾ ਵੀ ਟੁੱਟ ਰਹੀ ਹੈ। ਜੇਕਰ ਸੂਬੇ ਦੀ ਦੇਖ-ਭਾਲ ਨਹੀਂ ਕਰ ਸਕਦੇ ਤਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਓ ਅਤੇ ‘ਆਪ’ ਦੇ ਕਿਸੇ ਯੋਗ ਆਗੂ ਨੂੰ ਸੰਭਾਲਣ ਦਿਓ। ਤੁਸੀਂ ਚੁਟਕਲੇ ਸੁਣਾਉਣ ਅਤੇ ਜਨਤਕ ਸਟੇਜਾਂ ਤੋਂ ਆਪਣੇ ਆਪ ਦੀ ਤਾਰੀਫ਼ ਕਰਨ ਵਿੱਚ ਰੁੱਝੇ ਹੋਏ ਹੋ ਇਸ ਤਰ੍ਹਾਂ ਰਾਜ ਨੂੰ ਬਰਬਾਦ ਨਾ ਕਰੋ। ਜ਼ਮੀਨ ‘ਤੇ ਉਤਰੋ ਅਤੇ ਅਸਲੀਅਤ ਦੇਖੋ। ਅੱਜ ਪੰਜਾਬ ਵਿੱਚ ਤੁਹਾਡੀ ਨਿਗਰਾਨੀ ਹੇਠ ਕੋਈ ਵੀ ਸੁਰੱਖਿਅਤ ਨਹੀਂ ਹੈ ।

ਬਠਿੰਡਾ ਤੋਂ ਅਕਾਲੀ ਦਲ ਦੀ ਐੱਮਪੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਲੁਧਿਆਣਾ ਤੋਂ ਹਮਲੇ ਦੀ ਜਿਹੜੀਆਂ ਤਸਵੀਰਾਂ ਸਾਹਮਣੇ ਆਇਆਂ ਹਨ ਉਹ ਬਹੁਤ ਦੀ ਦਰਦਨਾਕ ਹਨ । ਇੱਕ ਸ਼ਖਸ ‘ਤੇ ਤਲਵਾਰ ਨਾਲ ਹਮਲਾ ਕੀਤਾ ਗਿਆ ਜਦਕਿ ਉਸ ਨੂੰ ਸੁਰੱਖਿਆ ਮਿਲੀ ਹੋਈ ਸੀ । ਜਿਸ ਤਰ੍ਹਾਂ ਇਹ ਵਾਰਦਾਤ ਹੋਈ ਹੈ ਉਸ ਤੋਂ ਸਾਫ ਹੈ ਕਿ ਸੂਬੇ ਵਿੱਚ ਕਾਨੂੰਨ ਦੀ ਮਾੜੀ ਹਾਲਤ ਹੈ। ਕੀ ਪੰਜਾਬ ਸਰਕਾਰ ਅਤੇ ਡੀਜੀਪੀ ਇਸ ਤੇ ਸਖਤ ਐਕਸ਼ਨ ਲੈਣਗੇ ।