Punjab

ਨੌਜਵਾਨ ਫੌਜੀ ਦੀ ਨਹਿਰ ਤੋਂ ਮਿਲੀ ਲਾਸ਼ ! ਪਰਿਵਾਰ ਨੇ ਕੀਤਾ ਵੱਡਾ ਖੁਲਾਸਾ

ਬਿਉਰੋ ਰਿਪੋਰਟ – ਬਟਾਲਾ ਦੇ ਪਿੰਡ ਮੰਗਿਆ ਵਿੱਚ 24 ਸਾਲ ਦੇ ਫੌਜੀ ਗੁਰਪ੍ਰੀਤ ਸਿੰਘ ਦੀ ਲਾਸ਼ ਪਿੰਡ ਸ਼ਾਹਪੁਰ ਜਾਜਨ ਦੀ ਸੱਕੀ ਨਹਿਰ ਤੋਂ ਮਿਲੀ ਹੈ,ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ । ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਨਿਸ਼ਾਨ ਸਿੰਘ ਅਤੇ ਉਸ ਦੇ ਰਿਸ਼ਤੇਦਾਰਾਂ ਦੇ ਮੁਤਾਬਿਕ ਗੁਰਪ੍ਰੀਤ ਸਿੰਘ ਤਕਰੀਬਨ 5 ਸਾਲ ਤੋਂ ਫੌਜ ਵਿੱਚ ਭਰਤੀ ਸੀ ਅਤੇ 11 ਸਿੱਖ ਰੈਜੀਮੈਂਟ ਵਿੱਚ ਸਿਪਾਹੀ ਦੇ ਤੌਰ ‘ਤੇ ਲਖਨਊ ਵਿੱਚ ਕੰਮ ਕਰਦਾ ਸੀ। ਉਹ 2 ਮਹੀਨੇ ਪਹਿਲਾਂ ਛੁੱਟੀ ਲੈਕੇ ਘਰ ਆਇਆ ਸੀ। 29 ਜੂਨ ਨੂੰ ਆਪਣੀ ਯੂਨਿਟ ਵਿੱਚ ਜਾਣਾ ਸੀ । ਉਨ੍ਹਾਂ ਨੇ ਕਿਹਾ ਕਿ 26 ਜੂਨ ਨੂੰ ਉਹ ਆਪਣੇ ਪਿੰਡ ਦੇ ਇੱਕ ਨੌਜਵਾਨ ਦੇ ਨਾਲ ਕੰਮ ਕਰਨ ਦੇ ਲਈ ਬਾਹਰ ਗਿਆ ਸੀ,ਫਿਰ ਘਰ ਨਹੀਂ ਪਰਤਿਆ ਸੀ।

ਗੁਰਪ੍ਰੀਤ ਸਿੰਘ ਦੇ ਲਾਪਤਾ ਹੋਣ ਦੀ ਰਿਪੋਰਟ ਚੌਖੀ ਧਰਮਕੋਟ ਰੰਧਾਵਾ ਵਿੱਚ ਦਰਜ ਕਰਵਾਈ ਗਈ ਸੀ । ਪਿਤਾ ਨੇ ਦੱਸਿਆ ਕਿ ਆਪਣੇ ਤੌਰ ਅਤੇ ਪਿੰਡ ਵਾਲਿਆਂ ਦੀ ਮਦਦ ਨਾਲ ਅਸੀਂ ਗੁਰਪ੍ਰੀਤ ਦੀ ਤਲਾਸ਼ ਕਰ ਰਹੇ ਸੀ । ਗੁਰਪ੍ਰੀਤ ਦੀ ਲਾਸ਼ ਉਨ੍ਹਾਂ ਨੂੰ ਸੱਕੀ ਨਹਿਰ ਤੋਂ ਮਿਲੀ ਹੈ । ਪਰਿਵਾਰ ਦਾ ਇਲਜ਼ਾਮ ਹੈ ਕਿ ਜਿਸ ਨੌਜਵਾਨ ਦੇ ਨਾਲ ਗੁਰਪ੍ਰੀਤ ਘਰੋ ਗਿਆ ਸੀ ਉਸੇ ਨੇ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ ਹੇ । ਪਰਿਵਾਰ ਨੇ ਦੱਸਿਆ ਹੈ ਕਿ ਇਸ ਸਬੰਧ ਵਿੱਚ ਫੌਜ ਦੇ ਅਧਿਕਾਰੀਆਂ ਅਤੇ ਥਾਣਾ ਡੇਰਾ ਬਾਬਾ ਨਾਨਕ ਨੂੰ ਇਤਲਾਹ ਦਿੱਤੀ ਗਈ ਹੈ ।

ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਪਰਿਵਾਰ ਨੇ ਬਿਆਨ ਦਰਜ ਕਰਵਾਏ ਹਨ । ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਸਿਵਿਲ ਹਸਪਤਾਲ ਬਟਾਲਾ ਵਿੱਚ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ । ਉਧਰ ਪਰਿਵਾਰ ਨੇ ਮੰਗ ਕੀਤੀ ਹੈ ਕਿ ਘਟਨਾ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ।