Punjab

CM ਮਾਨ ਨਹੀਂ ਸੰਭਾਲਣਗੇ ਜਲੰਧਰ ਵੈਸਟ ਜ਼ਿਮਨੀ ਚੋਣ ਦੀ ਕਮਾਨ! ਮੁੱਖ ਮੰਤਰੀ ਨੂੰ ਦੂਰ ਰੱਖਣ ਦੇ ਪਿੱਛੇ AAP ਦਾ ਵੱਡਾ ਸਿਆਸੀ ਦਾਅ!

ਬਿਉਰੋ ਰਿਪੋਰਟ – ਜਲੰਧਰ ਵੈਸਟ ਦੀ ਜ਼ਿਮਨੀ ਨੂੰ ਲੈ ਕੇ ਆਮ ਆਦਮੀ ਨੇ ਇੱਕ ਹੈਰਾਨ ਕਰਨ ਵਾਲਾ ਫੈਸਲਾ ਲਿਆ ਹੈ। ਮੁੱਖ ਮੰਤਰੀ ਮਾਨ ਚੋਣ ਦੀ ਕਮਾਨ ਨਹੀਂ ਸੰਭਾਲਣਗੇ ਉਨ੍ਹਾਂ ਦੀ ਥਾਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਤੋਂ ਰਾਜ ਸਭਾ ਐੱਮਪੀ ਸੰਦੀਪ ਪਾਠਕ ਦੀ ਕਮਾਂਡ ਵਿੱਚ ਚੋਣ ਲੜੀ ਜਾਵੇਗੀ। ਇਸ ਦੇ ਲਈ 23 ਸੀਨੀਅਰ ਆਗੂਆਂ ਦੀ ਟੀਮ ਤਿਆਰ ਕੀਤੀ ਗਈ ਹੈ, ਜਿਸ ਵਿੱਚ ਮੈਂਬਰ ਪਾਰਲੀਮੈਂਟ ਅਤੇ ਮੰਤਰੀ ਵੀ ਸ਼ਾਮਲ ਹਨ। ਆਪ ਦੀ ਰਣਨੀਤੀ ਮੁਤਾਬਿਕ ਮੁੱਖ ਮੰਤਰੀ ਚੋਣ ਦੇ ਅਖ਼ੀਰਲੇ ਦੌਰ ਵਿੱਚ ਪ੍ਰਚਾਰ ਕਰਨਗੇ।

ਦਰਅਸਲ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਭਗਵੰਤ ਦਾ ਚਹਿਰਾ ਅੱਗੇ ਕੀਤਾ ਗਿਆ ਸੀ ਅਤੇ ਨਾਅਰਾ ਦਿੱਤਾ ਗਿਆ ਸੀ ਕਿ ਸੰਸਦ ਵਿੱਚ ਵੀ ਹੁਣ ਭਗਵੰਤ ਮਾਨ ਪਰ ਪਾਰਟੀ ਨੂੰ 13 ਵਿੱਚੋਂ ਸਿਰਫ਼ 3 ਸੀਟਾਂ ਹੀ ਹਾਸਲ ਹੋਈਆਂ ਜਿਸ ਤੋਂ ਬਾਅਦ ਸਿੱਧਾ ਮੁੱਖ ਮੰਤਰੀ ’ਤੇ ਉਂਗਲਾਂ ਉੱਠਣ ਲੱਗੀਆਂ। ਇਸ ਲਈ ਜ਼ਿਮਨੀ ਚੋਣ ਦੇ ਨਤੀਜਿਆਂ ਤੋਂ ਪਹਿਲਾਂ ਹੀ ਮੁੱਖ ਮੰਤਰੀ ਨੂੰ ਇਸ ਤੋਂ ਦੂਰ ਰੱਖਿਆ ਜਾ ਰਿਹਾ ਹੈ ਤਾਂ ਕਿ ਇਸ ਦਾ ਸਿੱਧਾ ਅਸਰ ਪਾਰਟੀ ਅਤੇ ਸੀਐੱਮ ਮਾਨ ਦੇ ਸਿਆਸੀ ਭਵਿੱਖ ’ਤੇ ਨਜ਼ਰ ਨਾ ਆਵੇ।

ਆਮ ਆਦਮੀ ਪਾਰਟੀ ਦੇ ਪਲਾਨ ਮੁਤਾਬਕ ਮੁੱਖ ਮੰਤਰੀ ਮਾਨ ਦੇ ਚੋਣ ਮੈਦਾਨ ਵਿੱਚ ਉਤਰਨ ਤੋਂ ਪਹਿਲਾਂ 2 ਐੱਮਪੀ ਅਤੇ ਚਾਰ ਮੰਤਰੀ ਅਤੇ ਵਿਧਾਇਕ ਉਮੀਦਵਾਰ ਮਹਿੰਦਰ ਭਗਤ ਦੇ ਹੱਕ ਵਿੱਚ ਪ੍ਰਚਾਰ ਕਰਨਗੇ। 23 ਆਗੂਆਂ ਨੂੰ ਜਲੰਧਰ ਵੈਸਟ ਵਿੱਚ ਵੰਡਿਆ ਗਿਆ ਹੈ, ਹਲਕੇ ਦੇ 23 ਵਾਰਡ ਦੀ ਜ਼ਿੰਮੇਵਾਰੀ ਹਰ ਇੱਕ ਆਗੂ ਸੰਭਾਲੇਗਾ।

ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਡਾ. ਬਲਜੀਤ ਕੌਰ ਅਤੇ ਲਾਲਚੰਦ ਕਟਾਰੂਚੱਕ ਨੂੰ ਜਲੰਧਰ ਵੈਸਟ ਹਲਕੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਸੰਗਰੂਰ ਤੋਂ ਐੱਮਪੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਐੱਮਪੀ ਮਾਲਵਿੰਦਰ ਸਿੰਘ ਕੰਗ ਵੀ ਟੀਮ ਦਾ ਹਿੱਸਾ ਹੋਣਗੇ।

ਆਮ ਆਦਮੀ ਪਾਰਟੀ ਦੇ ਲਈ ਹਰ ਹਾਲ ਵਿੱਚ ਜਲੰਧਰ ਵੈਸਟ ਸੀਟ ਜਿੱਤਣੀ ਜ਼ਰੂਰੀ ਹੈ। ਜਲੰਧਰ ਲੋਕ ਸਭਾ ਚੋਣ ਵਿੱਚ ਵੈਸਟ ਹਲਕੇ ਤੋਂ ਪਾਰਟੀ ਤੀਜੇ ਨੰਬਰ ’ਤੇ ਰਹੀ ਸੀ। ਸਭ ਤੋਂ ਵੱਡੀ ਗੱਲ ਇਹ ਹੈ ਕਿ 2022 ਵਿੱਚ ਆਮ ਆਦਮੀ ਪਾਰਟੀ ਨੇ ਇਹ ਸੀਟ ਜਿੱਤੀ ਸੀ ਪਰ ਵਿਧਾਇਕ ਸ਼ੀਤਲ ਅੰਗੂਰਾਲ ਦੇ ਬੀਜੇਪੀ ਵਿੱਚ ਜਾਣ ਦੀ ਵਜ੍ਹਾ ਕਰਕੇ ਇੱਥੇ ਜ਼ਿਮਨੀ ਚੋਣ ਹੋ ਰਹੀ ਹੈ।

ਇਸ ਤੋ ਇਲਾਵਾ 4 ਵਿਧਾਨਸਭਾ ਹਲਕਿਆਂ ਵਿੱਚ ਵੀ ਜ਼ਿਮਨੀ ਚੋਣ ਹੋਣੀ ਹੈ। ਜੇ ਪਾਰਟੀ ਇਹ ਸੀਟ ਹਾਰੀ ਤਾਂ ਉਸ ਦਾ ਅਸਰ ਪਾਰਟੀ ਦੇ ਭਵਿੱਖ ’ਤੇ ਵੀ ਪਏਗਾ। ਸੂਬੇ ਵਿੱਚ ਪੰਚਾਇਤੀ ਅਤੇ ਨਗਰ ਨਿਗਮ ਚੋਣਾਂ ਵੀ ਸਿਰ ’ਤੇ ਖੜੀਆਂ ਹਨ। ਇੱਕ ਹਾਰ ਅਤੇ ਜਿੱਤ ਪਾਰਟੀ ਦਾ ਖੇਡ ਵਿਗਾੜ ਵੀ ਸਕਦੀ ਹੈ ਅਤੇ ਸਵਾਰ ਵੀ ਸਕਦੀ ਹੈ। ਇਸ ਲਈ ਆਪ ਆਦਮੀ ਪਾਰਟੀ ਜਲੰਧਰ ਵੈਸਟ ਸੀਟ ਜਿੱਤਣ ਦੇ ਲਈ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ।

ਇਹ ਵੀ ਪੜ੍ਹੋ – ਬਜ਼ੁਰਗ ਦਾ ਹੈਵਾਨੀਅਤ ਨਾਲ ਕਤਲ! ਮੂੰਹ ’ਚ ਪਾਇਆ ਕੱਪੜਾ, ਫਿਰ ਹਰ ਹੱਦ ਕੀਤੀ ਪਾਰ