Punjab

ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਯੂਨੀਅਨ ਨੇ ਸਿਆਸੀ ਪਾਰਟੀਆਂ ਦਾ ਬਾਈਕਾਟ ਕਰਨ ਦਾ ਕੀਤਾ ਐਲਾਨ

‘ਦ ਖ਼ਾਲਸ ਬਿਊਰੋ ( ਗਿੱਦੜਬਾਹਾ ) :- ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਕਸਬੇ ਗਿੱਦੜਬਾਹਾ ਕੋਲ ਪਿੰਡ ਗੁਰੂਸਰ ਦੇ ਵਾਸੀਆਂ ਨੇ ਇਕੱਠ ਕਰ ਸਾਰੀਆਂ ਸਿਆਸੀ ਪਾਰਟੀਆਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਪਿੰਡ ਦੇ ਹਰ ਘਰ ਅੱਗੇ ਪੋਸਟਰ ਲਾ ਦਿੱਤੇ ਕਿ ਜਿੰਨਾ ਸਮਾਂ ਖੇਤੀ ਕਨੂੰਨ ਰੱਦ ਨਹੀਂ ਹੁੰਦੇ ਕੋਈ ਵੀ ਸਿਆਸੀ ਆਗੂ ਉਨ੍ਹਾਂ ਦੇ ਪਿੰਡ ਜਾਂ ਘਰ ਨਾ ਆਵੇ।
ਇਸ ਤੋਂ ਇਲਾਵਾ ਘਰਾਂ ‘ਤੇ ਕਿਸਾਨੀ ਝੰਡੇ ਲਾ ਦਿੱਤੇ ਗਏ ਹਨ। ਕਿਸਾਨਾਂ ਨੇ ਕਿਹਾ ਕਿ ਇਹ ਫੈਸਲਾ ਅਸੀਂ ਪਿੰਡ ਪੱਧਰ ‘ਤੇ ਲਿਆ ਹੈ। ਉਨ੍ਹਾਂ ਅਪੀਲ ਕੀਤੀ ਕਿ ਜਿਸ ਤਰ੍ਹਾਂ ਸਾਡੇ ਪਿੰਡਾਂ ਵਿੱਚ ਇਹ ਪਿੱਰਤ ਤੋਰੀ ਗਈ ਹੈ, ਉਸੇ ਤਰ੍ਹਾਂ ਦੂਸਰੇ ਪਿੰਡਾਂ ਵਿੱਚ ਵੀ ਲੋਕ ਇਕੱਠੇ ਹੋ ਕੇ ਆਪਣੇ ਘਰਾਂ ਬਾਹਰ ਕਿਸਾਨ ਯੂਨੀਅਨ ਦੇ ਝੰਡੇ ਲਾਉਣ ਤੇ ਸਿਆਸੀ ਲੀਡਰਾਂ ਦਾ ਵਿਰੋਧ ਕਰਨ।

ਉਨ੍ਹਾਂ ਕਿਹਾ ਕਿ ਅਜਿਹਾ ਕਰਨ ਉੱਪਰ ਹੀ ਸਿਆਸੀ ਲੀਡਰ ਆਪਣੇ ਘਰਾਂ ਵਿੱਚੋਂ ਬਾਹਰ ਨਿਕਲ ਕੇ ਕਿਸਾਨਾਂ ਦਾ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਅੱਜ ਭਾਵੇਂ ਹਰ ਰਾਜਸੀ ਪਾਰਟੀ ਆਪਣੇ-ਆਪ ਨੂੰ ਕਿਸਾਨਾਂ ਦੀ ਹਿਤੈਸ਼ੀ ਦਸ ਰਹੀ ਹੈ ਪਰ ਜਦ ਇਹ ਆਰਡੀਨੈਂਸ ਜਾਰੀ ਹੋ ਰਹੇ ਸੀ, ਉਦੋਂ ਹਰ ਸਿਆਸੀ ਪਾਰਟੀ ਨੇ ਅੱਖਾਂ ਮੀਚੀਆਂ ਹੋਈਆਂ ਸੀ।