India

NEET ਪ੍ਰੀਖਿਆ ਲੀਕ ਮਾਮਲੇ ’ਚ ਸਭ ਤੋਂ ਵੱਡਾ ਕਬੂਲਨਾਮਾ! “ਮੈਨੂੰ ਇੱਕ ਰਾਤ ਪਹਿਲਾਂ ਹੀ ਜਵਾਬ ਨਾਲ ਪੇਪਰ ਮਿਲ ਗਿਆ ਸੀ!”

ਬਿਉਰੋ ਰਿਪੋਰਟ – NEET UG ਪ੍ਰੀਖਿਆ ਵਿੱਚ ਗੜਬੜੀ ਨੂੰ ਲੈ ਕੇ 2 ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇੱਕ ਖ਼ਬਰ ਸੁਪਰੀਮ ਕੋਰਟ ਤੋਂ ਹੈ ਦੂਜੀ NEET ਪੇਪਰ ਲੀਕ ਮਾਮਲੇ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਕਬੂਲਨਾਮੇ ਦੀ ਹੈ। ਬਿਹਾਰ ਦੇ ਵਿਦਿਆਰਥੀ ਅਨੁਰਾਗ ਯਾਦਵ (Anurag Yadav) ਨੇ ਕਬੂਲ ਕੀਤਾ ਹੈ ਕਿ ਉਸ ਨੂੰ ਪਹਿਲਾਂ ਹੀ ਪੇਪਰ ਅਤੇ ਉੱਤਰ ਮਿਲ ਗਏ ਸਨ। ਪ੍ਰੀਖਿਆ ਤੋਂ ਇੱਕ ਰਾਤ ਪਹਿਲਾਂ ਹੀ ਮੈਨੂੰ ਜਵਾਬ ਰਟਾਏ ਗਏ, ਅਨੁਰਾਗ ਨੇ ਕਿਹਾ ਪ੍ਰੀਖਿਆ ਵਿੱਚ 100 ਫੀਸਦੀ ਉਹ ਹੀ ਸਵਾਲ ਆਏ ਜਿਹੜੇ ਉਸ ਨੂੰ ਪਹਿਲਾਂ ਦੱਸੇ ਗਏ ਸਨ।

ਉਸ ਨੇ ਕਿਹਾ ਮੇਰੇ ਫੁੱਫੜ ਨੇ ਕਿਹਾ ਸੈਟਿੰਗ ਹੋ ਗਈ ਹੈ ਉਨ੍ਹਾਂ ਨੇ ਮੈਨੂੰ ਕੋਟਾ ਤੋਂ ਪਟਨਾ ਬੁਲਾਇਆ ਸੀ। ਪ੍ਰੀਖਿਆ ਤੋਂ ਬਾਅਦ ਪੁਲਿਸ ਨੇ ਮੈਨੂੰ ਗ੍ਰਿਫ਼ਤਾਰ ਕੀਤਾ ਸੀ, ਇਹ ਬਿਆਨ ਅਨੁਰਾਗ ਨੇ ਬਿਹਾਰ ਪੁਲਿਸ ਦੇ ਸਾਹਮਣੇ ਦਿੱਤਾ ਹੈ। ਤਕਰੀਬਨ 24 ਲੱਖ ਵਿਦਿਆਰਥੀਆਂ ਨੇ ਪੇਪਰ ਦਿੱਤਾ ਸੀ। ਪੇਪਰ ਲੀਕ ਦਾ ਮਾਮਲਾ ਹਰਿਆਣਾ ਅਤੇ ਬਿਹਾਰ ਤੋਂ ਸਾਹਮਣੇ ਆਇਆ ਸੀ।

ਉੱਧਰ ਸੁਪਰੀਮ ਕੋਰਟ ਨੇ ਇੱਕ ਵਾਰ ਮੁੜ ਤੋਂ NEET UG ਕਾਉਂਸਲਿੰਗ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰਦੇ ਹੋਏ ਵੱਡੀ ਟਿੱਪਣੀ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾ ਆਖਿਰ ਸੁਣਵਾਈ ਦੇ ਬਾਅਦ ਜੇ ਪ੍ਰੀਖਿਆ ਰੱਦ ਹੁੰਦੀ ਹੈ ਤਾਂ ਫਿਰ ਕਾਉਂਸਲਿੰਗ ਵੀ ਕੈਂਸਲ ਹੋ ਜਾਵੇਗੀ। ਇਸ ਤੋਂ ਪਹਿਲਾਂ 11 ਜੂਨ ਨੂੰ ਸੁਪਰੀਮ ਕੋਰਟ ਨੇ ਇਹ ਅਪੀਲ ਖਾਰਿਜ ਕੀਤੀ ਸੀ।

ਵੀਰਵਾਰ 20 ਜੂਨ ਸੁਪਰੀਮ ਕੋਰਟ ਨੇ ਪ੍ਰੀਖਿਆ ਰੱਦ ਕਰਨ ਦੀ ਮੰਗ ਵਾਲੀ ਨਵੀਂ ਪਟੀਸ਼ਨ ‘ਤੇ ਸੁਣਵਾਈ ਕੀਤੀ। ਇਹ ਅਰਜ਼ੀ 49 ਵਿਦਿਆਰਥੀਆਂ ਅਤੇ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਨੇ ਲਗਾਈ ਸੀ। ਪਟੀਸ਼ਨਕਰਤਾ ਨੇ ਪ੍ਰੀਖਿਆ ਵਿੱਚ 620 ਤੋਂ ਜ਼ਿਆਦਾ ਨੰਬਰ ਲੈਣ ਵਾਲੇ ਵਿਦਿਆਰਥੀਆਂ ਦਾ ਪਿਛੋਕੜ ਚੈੱਕ ਕਰਨ ਅਤੇ ਫਾਰੈਂਸਿਕ ਜਾਂਚ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਪੇਪਰ ਲੀਕ ਮਾਮਲੇ ਵਿੱਚ CBI ਜਾਂਚ ਦੀ ਮੰਗ ਵੀ ਕੀਤੀ ਗਈ ਹੈ।

NTA ਨੇ ਸਾਰੇ ਮਾਮਲਿਆਂ ਨੂੰ ਸੁਪਰੀਮ ਕੋਰਟ ਵਿੱਚ ਟ੍ਰਾਂਸਫਰ ਕਰਨ ਦੇ ਲਈ 4 ਪਟੀਸ਼ਨਾਂ ਦਾਇਰ ਕੀਤੀਆਂ ਹਨ। ਇਸ ਮਾਮਲੇ ਵਿੱਚ ਕੋਰਟ ਦੀ ਵੇਕੇਸ਼ਨ ਬੈਂਚ ਨੇ ਜਸਟਿਸ ਵਿਕਰਮ ਨਾਥ ਅਤੇ ਜਸਟਿਸ ਐੱਸਵੀਐੱਨ ਭੱਟੀ ਇਸ ਮਾਮਲੇ ਦੀ ਸੁਣਵਾਈ ਕਰ ਰਹੇ ਹਨ। ਸੁਪਰੀਮ ਕੋਰਟ ਨੇ ਪਿਛਲੀ ਸੁਣਵਾਈ ਦੌਰਾਨ ਕਿਹਾ ਸੀ ਕਿ ਜੇ NEET UG ਪ੍ਰੀਖਿਆ ਵਿੱਚ 0.1 ਫੀਸਦੀ ਵੀ ਕਮੀ ਨਜ਼ਰ ਆਏ ਤਾਂ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇ। ਅਦਾਲਤ ਨੇ ਕਿਹਾ ਫਰਜ਼ ਕਰੋ ਜੇ ਕੋਈ ਨਾਕਾਬਿਲ ਡਾਕਟਰ ਬਣ ਗਿਆ ਤਾਂ ਉਹ ਸਮਾਜ ਲਈ ਕਿੰਨਾ ਖ਼ਤਰਨਾਕ ਹੋਵੇਗਾ।

ਇਹ ਵੀ ਪੜ੍ਹੋ – ਪੰਜਾਬ ਦੀਆਂ 2364 ETT ਭਰਤੀਆਂ ਨੂੰ ਹਾਈਕੋਰਟ ਦਾ ਵੱਡਾ ਝਟਕਾ! ਜਾਣੋ ਪੂਰਾ ਮਾਮਲਾ