Punjab

ਪੰਜਾਬ ਦੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਮਿਲੀ ਰਾਹਤ, ਕਈ ਜ਼ਿਲ੍ਹਿਆ ‘ਚ ਪਿਆ ਤੇਜ਼ ਮੀਂਹ

ਮੁਹਾਲੀ : ਪੰਜਾਬ ਦੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਵੱਟ ਕਢਾਏ ਹੋਏ ਹਨ, ਉੱਥੇ ਹੀ ਲੂ ਨੇ ਵੀ ਲੋਕਾਂ ਦਾ ਘਰੋਂ ਨਿਕਲਣਾ ਔਖਾ ਕੀਤਾ ਹੋਇਆ ਸੀ। ਬੁੱਧਵਾਰ ਸ਼ਾਮ ਨੂੰ ਹੋਈ ਬਾਰਿਸ਼ ਤੋਂ ਬਾਅਦ ਇੱਕ ਵਾਰ ਫਿਰ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਰਾਤ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਕੱਲ੍ਹ ਸ਼ਾਮ ਅੰਮ੍ਰਿਤਸਰ, ਅਜਨਾਲਾ, ਰੋਪੜ, ਜਲੰਧਰ, ਫ਼ਿਰੋਜ਼ਪੁਰ ਆਦਿ ਖੇਤਰਾਂ ਵਿਚ ਤੇਜ਼ ਹਨੇਰੀ ਨਾਲ ਹਲਕੀ ਬਾਰਸ਼ ਹੋਈ। ਹੋਰ ਥਾਵਾਂ ’ਤੇ ਬਦਲਵਾਈ ਬਣੀ ਹੋਈ ਹੈ ਅਤੇ ਬਹੁਤੇ ਥਾਵਾਂ ’ਤੇ ਤੇਜ਼ ਹਨੇਰੀ ਆਈ ਹੈ।

ਇਸ ਦੇ ਨਾਲ ਹੀ ਅੱਜ ਵੀਰਵਾਰ ਨੂੰ ਪੰਜਾਬ ‘ਚ ਤੇਜ਼ ਹਵਾਵਾਂ, ਤੂਫਾਨ ਅਤੇ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਕਈ ਜ਼ਿਲ੍ਹਿਆਂ ਵਿੱਚ 40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਅੰਮ੍ਰਿਤਸਰ ਅਤੇ ਪਠਾਨਕੋਟ ਤੋਂ ਬਾਅਦ ਕੱਲ੍ਹ ਸ਼ਾਮ ਪਟਿਆਲਾ, ਐਸਏਐਸ ਨਗਰ, ਫਤਿਹਗੜ੍ਹ ਸਾਹਿਬ, ਚੰਡੀਗੜ੍ਹ, ਰੂਪਨਗਰ, ਐਸਬੀਐਸ ਨਗਰ ਅਤੇ ਹੁਸ਼ਿਆਰਪੁਰ ਵਿੱਚ ਵੀ ਤੇਜ਼ ਹਵਾਵਾਂ ਅਤੇ ਮੀਂਹ ਪਿਆ। ਜਿਸ ਤੋਂ ਬਾਅਦ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਔਸਤਨ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਤੋਂ ਬਾਅਦ ਸ਼ੁੱਕਰਵਾਰ ਤੋਂ ਪੰਜਾਬ ਵਿੱਚ ਹਾਲਾਤ ਆਮ ਵਾਂਗ ਹੋ ਜਾਣਗੇ। ਮੀਂਹ ਕਾਰਨ ਤਾਪਮਾਨ ਵੀ ਆਮ ਵਾਂਗ ਰਹਿਣ ਦੀ ਸੰਭਾਵਨਾ ਹੈ।

ਦੋ ਦਿਨਾਂ ਤੋਂ ਪਏ ਮੀਂਹ ਅਤੇ ਤੇਜ਼ ਹਵਾਵਾਂ ਤੋਂ ਬਾਅਦ 21 ਅਤੇ 22 ਜੂਨ ਨੂੰ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਪਰ 23 ਜੂਨ ਤੋਂ ਬਾਅਦ ਪੰਜਾਬ ਵਿੱਚ ਇੱਕ ਵਾਰ ਫਿਰ ਹੀਟਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਰਾਜਸਥਾਨ ਦੇ ਨਾਲ ਲੱਗਦੇ ਪੱਛਮੀ ਮਾਲਵੇ ਦੇ ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮਾਨਸਾ ਅਤੇ ਬਠਿੰਡਾ ਵਿੱਚ ਹੀਟ ਵੇਵ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ।