‘ਦ ਖ਼ਾਲਸ ਬਿਊਰੋ ( ਕੈਨੇਡਾ ) :- ਯੂਪੀ ਦੇ ਜ਼ਿਲ੍ਹਾ ਹਾਥਰਸ ’ਚ ਹੋਏ 19 ਸਾਲਾ ਦਲਿਤ ਲੜਕੀ ਦੇ ਨਾਲ ਜਬਰ-ਜਨਾਹ ਮਗਰੋਂ ਮੌਤ ਹੋਣ ‘ਤੇ ਇਨਸਾਫ਼ ਦੀ ਮੰਗ ਲਈ ਕੈਨੇਡਾ ‘ਚ ਵਸਦੇ ਦੱਖਣੀ ਏਸ਼ਿਆਈ ਭਾਈਚਾਰੇ ਦੇ ਲੋਕਾਂ ਵਲੋਂ ਸਰੀ ਸਥਿਤ ਭਾਰਤੀ ਵੀਜ਼ਾ ਦਫ਼ਤਰ ਅੱਗੇ ਮੋਮਬੱਤੀਆਂ ਜਗਾ ਕੇ ਰੋਸ ਰੈਲੀ ਕੀਤੀ ਗਈ। ਇਸ ਮੌਕੇ ਹਾਜ਼ਰ ਲੋਕਾਂ ਵੱਲੋਂ ਭਾਰਤ ਵਿੱਚ ਦਲਿਤ, ਹੇਠਲੇ ਵਰਗਾਂ ਤੇ ਘੱਟ-ਗਿਣਤੀ ਭਾਈਚਾਰੇ ਦੇ ਲੋਕਾਂ ਨਾਲ ਕੀਤੇ ਜਾ ਰਹੇ ਕਥਿਤ ਧੱਕੇ ਕਾਰਨ ਭਾਰਤ ਦੀ ਭਾਜਪਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਆਲਮੀ ਸੰਗਠਨਾਂ ਤੋਂ ਭਾਰਤ ’ਤੇ ਦਬਾਅ ਬਣਾ ਕੇ ਧੱਕੇਸ਼ਾਹੀਆਂ ਬੰਦ ਕਰਵਾਉਣ ਦੀ ਮੰਗ ਕੀਤੀ ਗਈ। ਕੋਰੋਨਾ ਦੇ ਮੱਦੇਨਜ਼ਰ ਪਾਬੰਦੀਆਂ ਦੇ ਚੱਲਦਿਆਂ ਵੀਜ਼ਾ ਦਫ਼ਤਰ ਅੱਗੇ ਇਕੱਠੇ ਹੋਏ ਦੋ ਕੁ ਦਰਜਨ ਲੋਕਾਂ ਨੇ ਜਬਰ-ਜਨਾਹ ਪੀੜਤਾ ਲਈ ਇਨਸਾਫ਼ ਦੀ ਮੰਗ ਕਰਦਿਆਂ ਰੋਸ ਪ੍ਰਗਟਾਵਾ ਕੀਤਾ ।
ਖੱਬੇਪੱਖੀ ਆਗੂ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਕੀਤੇ ਗਏ ਰੋਸ ਵਿਖਾਵੇ ਮੌਕੇ ਰੂਪ ਲਾਲ ਗੁੱਡੂ, ਸੁਰਿੰਦਰ ਸੰਧੂ, ਅਜਮੇਰ ਸਿੰਘ, ਸੁਖਵਿੰਦਰ ਕੌਰ, ਅਨੀਤਾ, ਰਣਜੀਤ ਸਿੰਘ ਖਾਲਸਾ, ਐਨੀ ਓਹਾਮਾ, ਅੰਮ੍ਰਿਤ ਦੀਵਾਨਾ ਤੇ ਤੇਜਿੰਦਰ ਸ਼ਰਮਾ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ ਰੋਸ ਵਿਖਾਵਿਆਂ ਦੀ ਇਹ ਲੜੀ ਉਦੋਂ ਤੱਕ ਚਲਾਈ ਜਾਵੇਗੀ ਜਦੋਂ ਤੱਕ ਕਥਿਤ ਦੋਸ਼ੀਆਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਂਦੀ।