‘ਦ ਖ਼ਾਲਸ ਬਿਊਰੋ :- ਕਾਂਗਰਸੀ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਜਲਦੀ ਹੀ ਪਾਰਟੀ ਵਿੱਚ ਵੱਡੀ ਜ਼ਿੰਮੇਵਾਰੀ ਮਿਲਣ ਵਾਲੀ ਹੈ। ਸੂਤਰਾਂ ਮੁਤਾਬਕ ਪਾਰਟੀ ਸਿੱਧੂ ਨੂੰ ਉਪ ਮੁੱਖ ਮੰਤਰੀ ਜਾਂ ਸੂਬਾ ਪ੍ਰਧਾਨ ਬਣਾਉਣ ਬਾਰੇ ਵਿਚਾਰ ਕਰ ਰਹੀ ਹੈ। ਸਿੱਧੂ ਨੂੰ ਮੰਤਰੀ ਮੰਡਲ ਵਿੱਚ ਵਾਪਸ ਲਿਆਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਜੋ ਕਿ ਅੰਮ੍ਰਿਤਸਰ ਕੱਲ੍ਹ ਆਏ ਸਨ, ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਸਿੱਧੂ ਨੂੰ ਅਹਿਮ ਜਿੰਮੇਵਾਰੀ ਮਿਲੇਗੀ। ਸਿੱਧੂ ਕਾਂਗਰਸ ਦਾ ਭਵਿੱਖ ਹਨ। ਰਾਹੁਲ ਗਾਂਧੀ ਕੱਲ੍ਹ 4 ਅਕਤੂਬਰ ਪੰਜਾਬ ਆ ਰਹੇ ਹਨ, ਇਸ ਲਈ ਰਾਹੁਲ ਗਾਂਧੀ ਤੇ ਰਾਵਤ ਦੀ ਕੋਸ਼ਿਸ਼ ਹੈ ਕਿ ਸਿੱਧੂ-ਕੈਪਟਨ ਦੀਆਂ ਦੂਰੀਆਂ ਖਤਮ ਹੋਣ।
ਹਰੀਸ਼ ਰਾਵਤ ਨੇ ਨਵਜੋਤ ਸਿੰਘ ਸਿੱਧੂ ਨਾਲ ਹੋਈ ਮੀਟਿੰਗ ਪਿੱਛੋਂ ਦਾਅਵਾ ਕੀਤਾ ਕਿ ਸਿੱਧੂ, ਰਾਹੁਲ ਗਾਂਧੀ ਨਾਲ ਕਿਸਾਨ ਅੰਦੋਲਨ ’ਚ ਹਿੱਸਾ ਲੈਣਗੇ। ਰਾਵਤ ਨੇ ਦਾਅਵਾ ਕੀਤਾ ਕਿ ਸਿੱਧੂ ਨਾਲ ਸਦਭਾਵਨਾਵਾ ਵਾਲੇ ਮਾਹੌਲ ਵਿੱਚ ਚੰਗੀ ਗੱਲਬਾਤ ਹੋਈ ਹੈ। ਉਹ ਸਾਡੇ ਭਰਾ ਹਨ ਅਤੇ ਰਾਜਨੀਤੀ ਤੇ ਮਾਨਵਤਾ ਦੇ ਪੁਜਾਰੀ ਹਨ। ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਲਈ ਤਿੰਨ ਦਿਨਾਂ ਪੰਜਾਬ ਦੌਰੇ ’ਤੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼ ਲੜਾਈ ਨੂੰ ਅਗਾਂਹ ਲੈ ਕੇ ਜਾਵੇਗੀ ਅਤੇ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਦਿਵਾਇਆ ਜਾਵੇਗਾ।