International Punjab Religion

ਪੰਜਾਬ ਵਿਧਾਨ ਸਭਾ ਜੋ ਨਹੀਂ ਕਰ ਸਕੀ, ਅਮਰੀਕਨ ਅਸੈਂਬਲੀ ਨੇ ਕਰ ਵਿਖਾਇਆ! ਸਿੱਖਾਂ ਦੇ ਵੱਡੇ ਸਾਕੇ ਨੂੰ ਦਿਨ ਕੀਤਾ ਸਮਰਪਿਤ

ਬਿਊਰੋ ਰਿਪੋਰਟ (ਗੁਰਪ੍ਰੀਤ ਕੌਰ) – ਅਮਰੀਕਾ ਦੀ ਕੈਲੇਫੋਰਨੀਆ ਸਟੇਟ ਅਸੈਂਬਲੀ ਨੇ ਹਰ ਸਾਲ 4 ਫਰਵਰੀ ਦਾ ਦਿਨ ਸਾਕਾ ਨਕੋਦਰ ਦੇ ਸ਼ਹੀਦਾਂ ਨੂੰ ਸਮਰਪਿਤ ਕਰ ਦਿੱਤਾ ਹੈ। ਇਹ ਮਤਾ ਅਸੈਂਬਲੀ ਮੈਂਬਰ ਡਾ ਜਸਮੀਤ ਕੌਰ ਬੈਂਸ ਵੱਲੋਂ ਲਿਆਂਦਾ ਗਿਆ ਸੀ, ਜਿਸ ਨੂੰ ਸਮੁੱਚੀ ਅਸੈਂਬਲੀ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ। ਇਸ ਤੋਂ ਬਾਅਦ ਹੁਣ ਸੂਬੇ ਵਿੱਚ ਹਰ ਸਾਲ 4 ਫਰਵਰੀ ਨੂੰ ਸਾਕਾ ਨਕੋਦਰ ਦਿਹਾੜੇ ਵਜੋਂ ਮਾਨਤਾ ਦਿੱਤੀ ਗਈ ਹੈ।

ਡਾ: ਜਸਮੀਤ ਕੌਰ ਬੈਂਸ, ਪਹਿਲੀ ਅਤੇ ਇਕਲੌਤੀ ਸਿੱਖ ਅਸੈਂਬਲੀ ਮੈਂਬਰ ਹਨ ਜਿਨ੍ਹਾਂ ਪਿਛਲੇ ਸਾਲ ਐਚਆਰ ਲਿਖਿਆ ਤੇ ਸਪਾਂਸਰ ਕੀਤਾ। ਡਾ. ਬੈਂਸ ਨੇ ਭਾਰਤ ਵਿੱਚ ਨਵੰਬਰ 1984 ਦੀ ਸਿੱਖ ਵਿਰੋਧੀ ਹਿੰਸਾ ਨੂੰ ਨਸਲਕੁਸ਼ੀ ਵਜੋਂ ਨਿੰਦਾ ਕਰਨ ਲਈ ਅਸੈਂਬਲੀ ਦੇ ਸਾਂਝੇ ਮਤੇ ਨੂੰ ਸਫਲਤਾਪੂਰਵਕ ਅੱਗੇ ਵਧਾਇਆ। ਦੱਸ ਦੇਈਏ ਸਟੇਟ ਅਸੈਂਬਲੀ ਦੇ ਮੈਂਬਰ ਐਸ਼ ਕਾਲੜਾ, ਐਲੇਕਸ ਲੀ, ਅਤੇ ਲਿਜ਼ ਓਰਟੇਗਾ ਨੇ ਸਾਕਾ ਨਕੋਦਰ ਦਿਵਸ ਸਬੰਧੀ ਹਾਊਸ ਰੈਜ਼ੋਲੂਸ਼ਨ ਲਿਖਣ ਵਿੱਚ ਯੋਗਦਾਨ ਦਿੱਤਾ ਹੈ।

4 ਫ਼ਰਵਰੀ 1986 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਸ਼ਾਂਤਮਈ ਰੋਸ ਮਾਰਚ ਕਰ ਰਹੀਆਂ ਸੰਗਤਾਂ ’ਤੇ ਪੁਲਿਸ ਵਲੋਂ ਕੀਤੀ ਗਈ ਗੋਲੀਬਾਰੀ ਦੌਰਾਨ 4 ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ। ਪੁਲਿਸ ਨੇ ਇਹ ਸਾਕਾ ਵਰਤਾ ਦੇਣ ਤੋਂ ਬਾਅਦ ਸ਼ਹੀਦ ਹੋਏ ਸਿੱਖ ਨੌਜਵਾਨਾਂ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ, ਸ਼ਹੀਦ ਭਾਈ ਬਲਧੀਰ ਸਿੰਘ ਜੀ ਰਾਮਗੜ੍ਹ, ਸ਼ਹੀਦ ਭਾਈ ਝਿਲਮਣ ਸਿੰਘ ਜੀ ਗੋਰਸੀਆਂ ਅਤੇ ਸ਼ਹੀਦ ਭਾਈ ਹਰਮਿੰਦਰ ਸਿੰਘ ਜੀ ਚਲੂਪੁਰ ਦੀਆਂ ਮ੍ਰਿਤਕ ਦੇਹਾਂ ਵੀ ਪਰਿਵਾਰਾਂ ਨੂੰ ਨਹੀਂ ਸੌਂਪੀਆਂ ਤੇ ਆਪ ਹੀ ਇਨ੍ਹਾਂ ਦਾ ਬਿਨ੍ਹਾਂ ਮਰਿਆਦਾ ਤੇਲ ਪਾ ਕੇ ਸਸਕਾਰ ਕਰ ਦਿੱਤਾ ਸੀ।

2015 ਦੀਆਂ ਬੇਅਦਬੀਆਂ ਅਤੇ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਵਾਲੇ ਕਮਿਸ਼ਨ ਦੀ ਅਗਵਾਈ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਨੇ ਪਿਛਲੇ ਸਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਜਾਂਚ ਕਰਨ ਲਈ ਇੱਕ ਐਸਆਈਟੀ ਬਣਾਉਣ ਕਿ ਨਕੋਦਰ ਪੁਲਿਸ ਗੋਲੀਬਾਰੀ ਬਾਰੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਇੱਕ ਹਿੱਸਾ ਕਿਵੇਂ ਗਾਇਬ ਹੋ ਗਿਆ ਅਤੇ ਫਰਵਰੀ 1986 ਦੀ ਗੋਲੀਬਾਰੀ ਦੀ ਘਟਨਾ ਵਿੱਚ ਚਾਰ ਨੌਜਵਾਨਾਂ ਦੇ ਕਤਲ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਵੀ ਸ਼ੁਰੂ ਕੀਤੀ ਜਾਵੇ।

ਇਹ ਵੀ ਪੜ੍ਹੋ – UP-ਬਿਹਾਰ ਤੋਂ ਪੰਜਾਬ ਝੋਨਾ ਲਾਉਣ ਆ ਰਹੇ ਮਜ਼ਦੂਰਾਂ ਨਾਲ ਵੱਡਾ ਹਾਦਸਾ! ਟਰਾਲੇ ਨਾਲ ਟੱਕਰ ਪਿੱਛੋਂ ਟ੍ਰਾਂਸਫਾਰਮਰ ’ਚ ਵੱਜੀ ਬੱਸ