India

NEET ਪ੍ਰੀਖਿਆ ਵਿਵਾਦ ‘ਤੇ ਸੁਪਰੀਮ ਕੋਰਟ ਦਾ ਵੱਡਾ ਨਿਰਦੇਸ਼! ਇਨ੍ਹਾਂ ਵਿਦਿਆਰਥੀਆਂ ਦੀ ਹੋਵੇਗੀ ਮੁੜ ਤੋਂ ਪ੍ਰੀਖਿਆ

ਬਿਉਰੋ ਰਿਪੋਰਟ – NEET-UGC-2024 ਵਿੱਚ ਗ੍ਰੇਸ ਨੰਬਰ ਲੈਣ ਵਾਲੇ 1563 ਵਿਦਿਆਰਥੀਆਂ ਦੇ ਨੰਬਰ ਰੱਦ ਕੀਤੇ ਜਾਣਗੇ। ਇਹ ਜਾਣਕਾਰੀ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਦਿੱਤੀ। ਉਨ੍ਹਾਂ ਨੇ ਕਿਹਾ ਜਿਨ੍ਹਾਂ ਦੇ ਨੰਬਰ ਰੱਦ ਹੋਣਗੇ, ਉਨ੍ਹਾਂ ਨੂੰ ਮੁੜ ਤੋਂ ਪ੍ਰੀਖਿਆ ਦੇਣ ਦਾ ਬਦਲ ਦਿੱਤਾ ਜਾਵੇਗਾ। ਸੁਪਰੀਮ ਕੋਰਟ ਨੇ ਅੱਜ 13 ਜੂਨ ਨੂੰ NEET 2024 ਦੇ ਨਤੀਜਿਆਂ ਨੂੰ ਚੁਣੌਤੀ ਦੇਣ ਵਾਲੀਆਂ 3 ਪਟੀਸ਼ਨਰਾਂ ‘ਤੇ ਸੁਣਵਾਈ ਕੀਤੀ ਇਹ ਪਟੀਸ਼ਨ 4 ਜੂਨ ਨੂੰ ਨਤੀਜੇ ਆਉਣ ਤੋਂ ਬਾਅਦ ਦਾਖ਼ਲ ਕੀਤੀ ਗਈ ਸੀ।

ਇਸ ਵਿੱਚ ਮੰਗ ਕੀਤੀ ਗਈ ਸੀ ਕਿ ਪ੍ਰੀਖਿਆ ਵਿੱਚ ਗੜਬੜੀ ਹੋਈ ਹੈ ਜਿਸ ਦੀ ਜਾਂਚ SIT ਦੀ ਮਾਹਿਰਾਂ ਦੀ ਕਮੇਟੀ ਵੱਲੋਂ ਕੀਤੀ ਜਾਵੇ। 4 ਜੂਨ ਨੂੰ ਨਤੀਜਿਆਂ ਦੇ ਅਧਾਰ ‘ਤੇ ਕਾਉਂਸਲਿੰਗ ਨੂੰ ਰੋਕਿਆ ਜਾਵੇ। 5 ਮਈ ਨੂੰ ਹੋਈ ਪ੍ਰੀਖਿਆ ਰੱਦ ਕੀਤੀ ਜਾਵੇ ਤੇ ਮੁੜ ਤੋਂ ਇਮਤਿਹਾਨ ਲਿਆ ਜਾਵੇ।

NTA ਨੇ 1563 ਵਿਦਿਆਰਥੀਆਂ ਨੂੰ ਗਰੇਸ ਨੰਬਰ ਦਿੱਤੇ ਜਿਸ ‘ਤੇ ਸਵਾਲ ਖੜੇ ਕੀਤੇ ਗਏ ਸਨ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਦੱਸਿਆ ਕਿ ਜਿਨ੍ਹਾਂ 1,563 ਵਿਦਿਆਰਥੀਆਂ ਨੂੰ ਗਰੇਸ ਨੰਬਰ ਦਿੱਤੇ ਗਏ ਸਨ ਉਨ੍ਹਾਂ ਨੂੰ 23 ਜੂਨ ਮੁੜ ਤੋਂ ਪ੍ਰੀਖਿਆ ਦਾ ਬਦਲ ਦਿੱਤਾ ਜਾਵੇਗਾ।

ਇਸ ਤੋਂ ਪਹਿਲਾਂ 11 ਜੂਨ ਨੂੰ ਸੁਪਰੀਮ ਨੇ ਵਿਦਿਆਰਥਣ ਸ਼ਿਵਾਂਗੀ ਮਿਸ਼ਰਾ ਅਤੇ 9 ਹੋਰ ਵਿਦਿਆਰਥੀਆਂ ਦੀ ਪਟੀਸ਼ਨ ‘ਤੇ ਸੁਣਵਾਈ ਕੀਤੀ ਸੀ। ਇਸ ਨੂੰ ਨਤੀਜੇ ਐਲਾਨਣ ਤੋਂ ਪਹਿਲਾਂ 1 ਜੂਨ ਨੂੰ ਦਾਇਰ ਕੀਤਾ ਗਿਆ ਸੀ। ਵਿਦਿਆਰਥੀਆਂ ਨੇ ਬਿਹਾਰ ਅਤੇ ਰਾਜਸਥਾਨ ਵਿੱਚ ਪ੍ਰੀਖਿਆ ਸੈਂਟਰ ‘ਤੇ ਗਲਤ ਪੇਪਰ ਵੰਡਣ ਦੇ ਚੱਲ ਦੇ ਗੜਬੜੀ ਦੀ ਸ਼ਿਕਾਇਤ ਕੀਤੀ ਸੀ ਅਤੇ ਪ੍ਰੀਖਿਆ ਰੱਦ ਕਰਕੇ SIT ਜਾਂਚ ਦੀ ਮੰਗ ਕੀਤੀ ਸੀ।

ਹਾਲਾਂਕਿ ਸੁਪਰੀਮ ਕੋਰਟ ਨੇ NEET ਕਾਉਂਸਲਿੰਗ ‘ਤੇ ਰੋਕ ਲਗਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਕੋਰਟ ਨੇ NEET-UGC 2024 ਵਿੱਚ ਪੇਪਰ ਲੀਕ, ਗ੍ਰੇਸ ਨੰਬਰ ਨਾਲ ਗੜਬੜੀ ‘ਤੇ ਸਵਾਲ ਖੜੇ ਕੀਤੇ ਸਨ।