ਆਂਧਰਾ ਪ੍ਰਦੇਸ਼ ਵਿੱਚ ਨਵੀਂ ਸਰਕਾਰ ਬਣਾਉਣ ਲਈ ਅੱਜ ਮੰਗਲਵਾਰ 11 ਜੂਨ ਨੂੰ ਐਨਡੀਏ, ਤੇਲਗੂ ਦੇਸ਼ਮ ਪਾਰਟੀ (ਟੀਡੀਪੀ), ਜਨਸੇਨਾ ਅਤੇ ਭਾਜਪਾ ਵਿਧਾਇਕਾਂ ਨੇ ਵਿਜੇਵਾੜਾ ਵਿੱਚ ਮੀਟਿੰਗ ਕੀਤੀ। ਇਸ ਵਿੱਚ ਟੀਡੀਪੀ ਪ੍ਰਧਾਨ ਐਨ ਚੰਦਰਬਾਬੂ ਨਾਇਡੂ ਨੂੰ ਸਰਬਸੰਮਤੀ ਨਾਲ ਐਨਡੀਏ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ। ਇਸ ਦੇ ਨਾਲ ਹੀ ਅਦਾਕਾਰ ਤੋਂ ਸਿਆਸਤਦਾਨ ਬਣੇ ਜਨਸੇਨਾ ਦੇ ਮੁਖੀ ਪਵਨ ਕਲਿਆਣ ਨੂੰ ਵਿਧਾਨ ਸਭਾ ਵਿੱਚ ਫਲੋਰ ਲੀਡਰ ਚੁਣਿਆ ਗਿਆ।
ਇਸ ਤੋਂ ਬਾਅਦ ਨਾਇਡੂ ਅਤੇ ਕਲਿਆਣ ਰਾਜਪਾਲ ਐਸ ਅਬਦੁਲ ਨਜ਼ੀਰ ਨੂੰ ਮਿਲਣ ਲਈ ਰਾਜ ਭਵਨ ਪਹੁੰਚੇ। ਉਹ ਰਾਜਪਾਲ ਨੂੰ ਮਿਲੇ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਰਾਜਪਾਲ ਮੰਗਲਵਾਰ ਸ਼ਾਮ ਤੱਕ ਨਾਇਡੂ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਸਕਦੇ ਹਨ।
ਸੂਤਰਾਂ ਮੁਤਾਬਕ ਨਾਇਡੂ 12 ਜੂਨ ਨੂੰ ਸਵੇਰੇ 11.27 ਵਜੇ ਵਿਜੇਵਾੜਾ ਦੇ ਗੰਨਾਵਰਮ ਹਵਾਈ ਅੱਡੇ ਨੇੜੇ ਕੇਸਰਪੱਲੀ ਆਈਟੀ ਪਾਰਕ ਵਿੱਚ ਸਹੁੰ ਚੁੱਕਣਗੇ। ਮੁੱਖ ਮੰਤਰੀ ਵਜੋਂ ਇਹ ਉਨ੍ਹਾਂ ਦਾ ਚੌਥਾ ਕਾਰਜਕਾਲ ਹੋਵੇਗਾ। ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਮੇਤ ਕਈ ਵੱਡੇ ਨੇਤਾਵਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਇਹ ਵੀ ਚਰਚਾ ਹੈ ਕਿ ਪਵਨ ਕਲਿਆਣ ਵੀ ਨਾਇਡੂ ਦੇ ਨਾਲ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਇਸ ਤੋਂ ਇਲਾਵਾ ਟੀਡੀਪੀ ਦੇ ਜਨਰਲ ਸਕੱਤਰ ਅਤੇ ਨਾਇਡੂ ਦੇ ਪੁੱਤਰ ਨਾਰਾ ਲੋਕੇਸ਼ ਅਤੇ ਜਨਸੈਨਾ ਨੇਤਾ ਐਨ ਮਨੋਹਰ ਦੇ ਵੀ ਸਹੁੰ ਚੁੱਕਣ ਦੀ ਸੰਭਾਵਨਾ ਹੈ। ਨਾਇਡੂ ਦੇ ਮੰਤਰੀ ਮੰਡਲ ਵਿੱਚ ਟੀਡੀਪੀ ਨੂੰ 20 ਮੰਤਰੀ ਅਹੁਦੇ ਮਿਲ ਸਕਦੇ ਹਨ, ਜਨਸੈਨਾ ਨੂੰ ਤਿੰਨ ਅਤੇ ਭਾਜਪਾ ਨੂੰ ਦੋ ਮੰਤਰੀ ਅਹੁਦੇ ਮਿਲ ਸਕਦੇ ਹਨ।
ਆਂਧਰਾ ਪ੍ਰਦੇਸ਼ ਵਿੱਚ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੀ ਐਲਾਨੇ ਗਏ ਸਨ। ਐਨਡੀਏ ਨੇ 175 ਵਿੱਚੋਂ 164 ਸੀਟਾਂ ਜਿੱਤ ਕੇ ਵਿਧਾਨ ਸਭਾ ਵਿੱਚ ਇੱਕਤਰਫ਼ਾ ਜਿੱਤ ਹਾਸਲ ਕੀਤੀ। ਇਸ ਵਿੱਚ ਨਾਇਡੂ ਦੀ ਟੀਡੀਪੀ ਨੂੰ 135, ਪਵਨ ਕਲਿਆਣ ਦੀ ਜਨਸੇਨਾ ਨੂੰ 21 ਅਤੇ ਭਾਜਪਾ ਨੂੰ 8 ਸੀਟਾਂ ਮਿਲੀਆਂ ਹਨ।
ਜਗਨ ਮੋਹਨ ਰੈੱਡੀ ਦੀ YSRCP ਨੂੰ ਸਿਰਫ਼ 11 ਸੀਟਾਂ ਮਿਲੀਆਂ ਹਨ। ਕਾਂਗਰਸ ਇਸ ਸੂਬੇ ਵਿੱਚ ਆਪਣਾ ਖ਼ਾਤਾ ਵੀ ਨਹੀਂ ਖੋਲ੍ਹ ਸਕੀ। ਇਸ ਵਾਰ ਜਗਨ ਮੋਹਨ ਰੈੱਡੀ ਦੀ ਭੈਣ ਵਾਈ ਐੱਸ ਸ਼ਰਮੀਲਾ ਰੈੱਡੀ ਸੂਬੇ ‘ਚ ਕਾਂਗਰਸ ਦੀ ਅਗਵਾਈ ਕਰ ਰਹੀ ਸੀ। ਉਹ ਆਂਧਰਾ ਪ੍ਰਦੇਸ਼ ਵਿੱਚ ਕਾਂਗਰਸ ਦੀ ਸੂਬਾ ਪ੍ਰਧਾਨ ਹੈ।