ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੁਣ ਦੇਸ਼ ਵਿੱਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਸਥਿਤੀ ਸਪੱਸ਼ਟ ਹੁੰਦੀ ਨਜ਼ਰ ਆ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਖ਼ਬਰ ਸਾਹਮਣੇ ਆਈ ਹੈ ਕਿ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚਾਲੇ ਸਰਕਾਰ ਬਣਾਉਣ ਲਈ ਸਮਝੌਤਾ ਹੋ ਗਿਆ ਹੈ। ਸੂਤਰਾਂ ਅਨੁਸਾਰ ਕੇਂਦਰ ਸਰਕਾਰ ਵਿੱਚ ਇੱਕ ਕੈਬਨਿਟ ਅਤੇ ਦੋ ਕੇਂਦਰੀ ਰਾਜ ਮੰਤਰੀ (MoS) ਦੇ ਅਹੁਦੇ ਨੂੰ ਲੈ ਕੇ ਐਨਡੀਏ ਦੀਆਂ ਇਨ੍ਹਾਂ ਦੋ ਪਾਰਟੀਆਂ ਵਿਚਾਲੇ ਸਮਝੌਤਾ ਹੋ ਗਿਆ ਹੈ। ਅੱਜ ਸ਼ਾਮ ਯਾਨੀ 6 ਜੂਨ ਨੂੰ ਟੀਡੀਪੀ ਮੁਖੀ ਚੰਦਰਬਾਬੂ ਨਾਇਡੂ ਵੀ ਦਿੱਲੀ ਪਹੁੰਚ ਰਹੇ ਹਨ।
ਇਸ ਲੋਕ ਸਭਾ ਚੋਣ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। ਹਾਲਾਂਕਿ ਭਾਜਪਾ 240 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ ਤੇ ਇਸ ਦੇ ਗਠਜੋੜ NDA ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਅਜਿਹੀ ਸਥਿਤੀ ਵਿੱਚ ਜੋੜ-ਤੋੜ ਦਾ ਗਣਿਤ ਵਰਤਿਆ ਜਾ ਰਿਹਾ ਹੈ। INDIA ਗਠਜੋੜ ਵੀ ਲਗਾਤਾਰ ਐਨਡੀਏ ਨੂੰ ਮੁਕਾਬਲਾ ਦੇ ਰਿਹਾ ਹੈ ਅਤੇ ਐਨਡੀਏ ਦੇ ਸਹਿਯੋਗੀਆਂ ਨੂੰ ਪੇਸ਼ਕਸ਼ਾਂ ਵੀ ਦੇ ਰਿਹਾ ਹੈ, ਜਿਸ ਕਾਰਨ ਸਿਆਸੀ ਹਲਚਲ ਤੇਜ਼ ਹੋ ਰਹੀ ਹੈ। ਕਿਸ ਗੱਠਜੋੜ ਦੀ ਸਰਕਾਰ ਬਣੇਗੀ ਇਸ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ ਹੈ। ਹਾਲਾਂਕਿ ਬਿਆਨਾਂ ਅਤੇ ਤਾਜ਼ਾ ਸਿਆਸੀ ਘਟਨਾਕ੍ਰਮ ਕਾਰਨ ਦੁਬਿਧਾ ਦੇ ਬੱਦਲ ਹਟਦੇ ਨਜ਼ਰ ਆ ਰਹੇ ਹਨ।
5 ਜੂਨ ਨੂੰ ਦਿੱਲੀ ਦੇ ਲੋਕ ਕਲਿਆਣ ਮਾਰਗ ‘ਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਐਨਡੀਏ ਦੀ ਮੀਟਿੰਗ ਬੁਲਾਈ ਗਈ ਸੀ, ਜਿਸ ਵਿੱਚ ਸਾਰੀਆਂ ਭਾਈਵਾਲ ਪਾਰਟੀਆਂ ਨੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਆਪਣਾ ਸਮਰਥਨ ਪੱਤਰ ਸੌਂਪਿਆ ਅਤੇ ਨਰਿੰਦਰ ਮੋਦੀ ਨੂੰ ਐਨਡੀਏ ਦਾ ਆਗੂ ਮੰਨ ਲਿਆ। ਇਸ ਤੋਂ ਬਾਅਦ ਸਰਕਾਰ ਦੇ ਗਠਨ ਨੂੰ ਲੈ ਕੇ ਚੀਜ਼ਾਂ ਸਪੱਸ਼ਟ ਹੁੰਦੀਆਂ ਨਜ਼ਰ ਆ ਰਹੀਆਂ ਸਨ, ਪਰ ਇਹ ਅਟਕਲਾਂ ਵੀ ਲਾਈਆਂ ਜਾ ਰਹੀਆਂ ਸਨ ਕਿ ਮੰਤਰੀ ਮੰਡਲ ਨੂੰ ਲੈ ਕੇ ਕੋਈ ਸਮੱਸਿਆ ਹੋ ਸਕਦੀ ਹੈ। ਹੁਣ ਐਨਡੀਏ ਦੇ ਦੂਜੇ ਸਭ ਤੋਂ ਵੱਡੇ ਹਿੱਸੇਦਾਰ ਟੀਡੀਪੀ ਨੂੰ ਆਪਣੀ ਪਸੰਦ ਦਾ ਮੰਤਰਾਲਾ ਅਤੇ ਮੰਗਾਂ ਪੂਰੀਆਂ ਹੋਣ ‘ਤੇ ਨਰੇਂਦਰ ਮੋਦੀ ਲਈ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਦਾ ਰਸਤਾ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ।