ਬਿਉਰੋ ਰਿਪੋਰਟ – ਕੇਂਦਰ ਵਿੱਚ NDA ਦੀ ਸਰਕਾਰ ਬਣ ਰਹੀ ਹੈ ਪਰ ਬੀਜੇਪੀ (BJP) ਨੂੰ ਪਤਾ ਹੈ ਕਿ ਇਸ ਵਾਰ ਜਿੱਤੇ ਹੋਏ ਇੱਕ-ਇੱਕ ਅਜ਼ਾਦ ਉਮੀਦਵਾਰ ਦੀ ਬਹੁਤ ਜ਼ਿਆਦਾ ਸਿਆਸੀ ਅਹਿਮੀਅਤ ਹੈ। ਅਜਿਹੇ ਵਿੱਚ ਫਰੀਦਕੋਟ ਤੋਂ ਜਿੱਤੇ ਅਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ।
ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਸਰਬਜੀਤ ਸਿੰਘ ਖ਼ਾਲਸਾ ਨੇ ਕਿਹਾ ਹੈ ਕਿ ਉਹ ਸ੍ਰੀ ਅਕਾਲ ਤਖਤ ਦੇ ਦੋਸ਼ੀਆਂ ਨਾਲ ਨਹੀਂ ਜਾ ਸਕਦੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਆਫ਼ਰ ਮਿਲ ਰਹੇ ਹਨ, ਪਹਿਲਾਂ ਵੀ ਆਏ ਸਨ ਪਰ ਉਨ੍ਹਾਂ ਸਪਸ਼ਟ ਕੀਤਾ ਹੈ ਕਿ ਉਹ ਫਰੀਦਕੋਟ ਦੀ ਜਨਤਾ ਤੋਂ ਪੁੱਛੇ ਬਿਨਾਂ ਕੋਈ ਵੀ ਫੈਸਲਾ ਨਹੀਂ ਲੈਣਗੇ। ਇਸ ਤੋਂ ਸਾਫ ਹੈ ਉਹ ਇੰਡੀਆ ਗਠਜੋੜ ਦਾ ਹਿੱਸਾ ਨਹੀਂ ਬਣਨਗੇ।
ਫਰੀਦਕੋਟ ਦੇ ਨਵੇਂ ਐੱਮਪੀ ਸਰਬਜੀਤ ਸਿੰਘ ਖ਼ਾਲਸਾ ਨੇ ਕਿਹਾ, “ਮੈਂ ਬੰਦੀ ਸਿੰਘਾਂ ਦੀ ਰਿਹਾਈ ਮੇਰਾ ਮੁੱਖ ਮੁੱਦਾ ਹੈ। ਪੰਜਾਬ ਵਿੱਚ ਬੇਅਦਬੀ ਖਿਲਾਫ ਕਾਨੂੰਨ ਬਣਾਉਣ ਦੀ ਅਵਾਜ਼ ਚੁੱਕਾਂਗਾ। ਬੇਅਦਬੀ ਕਰਨ ਵਾਲਿਆਂ ‘ਤੇ 302 ਦਾ ਕੇਸ ਦਰਜ ਹੋਣਾ ਚਾਹੀਦਾ ਹੈ।”
ਸਰਬਜੀਤ ਸਿੰਘ ਨੇ ਕਿਹਾ ਪੰਜਾਬ ਦੀ ਸਿਆਸਤ ਮੁੜ ਤੋਂ ਪੰਥਕ ਵੋਟਾਂ ਵੱਲ ਆ ਰਹੀ ਹੈ, ਪੰਜਾਬ ਦੇ ਲੋਕਾਂ ਨੂੰ ਪਹਿਲਾਂ ਕੋਈ ਯੋਗ ਲੀਡਰ ਨਹੀਂ ਮਿਲ ਰਿਹਾ ਸੀ ਜਿਸ ਨੂੰ ਉਹ ਜਿਤਾਉਣ। ਸਾਨੂੰ ਅਗਵਾਈ ਕਰਨ ਦਾ ਮੌਕਾ ਦਿੱਤਾ ਸੋ ਅਸੀਂ ਕਰਕੇ ਵਿਖਾਵਾਂਗੇ।
ਇਸ ਦੇ ਨਾਲ ਫਰੀਦਕੋਟ ਦੇ ਐੱਮਪੀ ਸਰਬੀਜਤ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਬੱਚਿਆਂ ਨੇ ਕੇਸਾਂ ਦਾ ਕਤਲ ਕਰਵਾਇਆ ਹੈ ਉਹ ਮੁੜ ਤੋਂ ਅੰਮ੍ਰਿਤਪਾਨ ਕਰਨ ਅਤੇ ਸਿੱਖੀ ਸਰੂਪ ਵਿੱਚ ਆਉਣ।