ਚੰਡੀਗੜ੍ਹ- ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਾਵਾਇਰਸ ਨੂੰ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਹੈ। ਭਾਰਤ ਸਰਕਾਰ ਨੇ 15 ਅਪ੍ਰੈਲ ਤੱਕ ਸਾਰੇ ਵੀਜ਼ੇ ਰੱਦ ਕਰ ਦਿੱਤੇ ਹਨ। ਭਾਰਤ ਸਰਕਾਰ ਨੇ ਡਿਪਲੋਮੇਟਾਂ ਨੂੰ ਛੱਡ ਕੇ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ। ਭਾਰਤ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੇ ਕੋਈ ਵਿਦੇਸ਼ੀ ਬੇਹੱਦ ਜ਼ਰੂਰੀ ਕੰਮ ਨਾਲ ਭਾਰਤ ਆਉਣਾ ਚਾਹੁੰਦਾ ਹੈ ਤਾਂ ਉਹ ਆਪਣੇ ਦੇਸ਼ ਦੇ ਭਾਰਤੀ ਹਾਈ ਕਮਿਸ਼ਨ ਨੂੰ ਸੰਪਰਕ ਜ਼ਰੂਰ ਕਰੇ। ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਭਾਰਤੀਆਂ ਸਮੇਤ ਕੋਈ ਵੀ ਵਿਅਕਤੀ ਜੇ ਇਟਲੀ, ਇਰਾਨ, ਰਿਪਬਲਿਕ ਆਫ਼ ਕੋਰੀਆ, ਫਰਾਂਸ, ਜਰਮਨੀ ਅਤੇ ਸਪੇਨ ਤੋਂ 15 ਫਰਵਰੀ 2020 ਤੱਕ ਆਇਆ ਹੈ ਤਾਂ ਉਸ ਨੂੰ 14 ਦਿਨਾਂ ਤੱਕ ਵੱਖ ਹੋ ਕੇ ਰੱਖਣਾ ਜ਼ਰੂਰੀ ਹੈ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕੋਰੋਨਾਵਾਇਰਸ ਕਾਰਨ ਨਵੀਆਂ ਯਾਤਰਾ ‘ਤੇ ਪਾਬੰਦੀਆਂ ਦਾ ਐਲਾਨ ਕੀਤਾ ਹੈ। ਯੂਰਪ ਤੋਂ ਹਰ ਤਰ੍ਹਾਂ ਦੀ ਯਾਤਰਾ ‘ਤੇ ਅਗਲੇ 30 ਦਿਨਾਂ ਤੱਕ ਰੋਕ ਲਾ ਦਿੱਤੀ ਗਈ ਹੈ।
ਡਬਲਿਊ.ਐਚ.ਓ. ਦੇ ਪ੍ਰਧਾਨ ਟੇਡ੍ਰੋਸ ਗ੍ਰੈਬੇਸਿਸ ਨੇ ਕਿਹਾ, “ਅਸੀਂ ਕੋਰੋਨਾ ਜਿਹੀ ਮਹਾਂਮਾਰੀ ਪਹਿਲਾਂ ਕਦੇ ਨਹੀਂ ਵੇਖੀ। ਵਿਸ਼ਵ ਸਿਹਤ ਸੰਗਠਨ ਕੋਰੋਨਾ ਦੇ ਫੈਲਣ ਅਤੇ ਗੰਭੀਰਤਾ ਦੇ ਚਿੰਤਾਜਨਕ ਪੱਧਰਾਂ ਤੋਂ ਚਿੰਤਤ ਹੈ। ਸਾਡੇ ਮੁਲਾਂਕਣ ਦੇ ਅਨੁਸਾਰ ਕੋਰੋਨਾਵਾਇਰਸ ਨੂੰ ਮਹਾਂਮਾਰੀ ਐਲਾਨਿਆ ਜਾ ਸਕਦਾ ਹੈ। ਸਾਡਾ ਕੰਮ ਲੋਕਾਂ ਦੀ ਸਿਹਤ ਦੀ ਰੱਖਿਆ ਕਰਨਾ ਹੈ। ਅਸੀਂ ਕੋਰੋਨਾਵਾਇਰਸ ਦੇ ਸਮਾਜਿਕ ਅਤੇ ਆਰਥਿਕ ਪ੍ਰਭਾਵ ਨੂੰ ਘਟਾਉਣ ਲਈ ਕਈ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।
ਭਾਰਤ ਵੀ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਹੈ ਅਤੇ ਸਿਹਤ ਮੰਤਰਾਲੇ ਮੁਤਾਬਿਕ ਦੇਸ਼ ਵਿੱਚ ਹੁਣ ਤੱਕ ਵਾਇਰਸ ਦੇ ਪਾਜੀਟਿਵ ਮਾਮਲਿਆਂ ਦੀ ਗਿਣਤੀ 62 ਤੱਕ ਪਹੁੰਚ ਚੁੱਕੀ ਹੈ। ਇਟਲੀ ‘ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 12,462 ਹੋ ਗਈ ਹੈ। ਮ੍ਰਿਤਕਾਂ ‘ਚ ਜ਼ਿਆਦਾਤਰ 80 ਤੋਂ 90 ਸਾਲ ਦੀ ਉਮਰ ਦੇ ਲੋਕ ਹਨ।
ਦੁਨੀਆ ਭਰ ਵਿੱਚ ਕੋਰੋਨਾਵਾਇਰਸ ਕਾਰਨ 4000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਚੀਨ ਦੇ ਬਾਅਦ ਲਗਭਗ ਬਹੁਤ ਸਾਰੇ ਦੇਸ਼ਾਂ ਵਿੱਚ ਕੋਰੋਨਾਵਾਇਰਸ ਪਹੁੰਚ ਗਿਆ ਹੈ। ਹੁਣ ਤੱਕ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਕੁਲ 1,26,273 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 4633 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਵਿੱਚ ਕੋਰੋਨਾਵਾਇਰਸ ਦੇ ਕੁਲ 80,789 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚੋਂ 3169 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ‘ਚ ਅੱਜ 196 ਹੋਰ ਲੋਕਾਂ ਦੀ ਮੌਤ ਨਾਲ ਉੱਥੇ ਮ੍ਰਿਤਕਾਂ ਦੀ ਕੁਲ ਗਿਣਤੀ ਵੱਧ ਕੇ 827 ਹੋ ਗਈ ਹੈ, ਜਦਕਿ ਇਰਾਨ ‘ਚ 354, ਦੱਖਣ ਕੋਰੀਆ ‘ਚ 66, ਫਰਾਂਸ ‘ਚ 48, ਸਪੇਨ ‘ਚ 55 ਅਤੇ ਅਮਰੀਕਾ ‘ਚ 38 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕਿਸੇ ਬਿਮਾਰੀ ਨੂੰ ਪੈਨਡੈਮਿਕ (ਮਹਾਂਮਾਰੀ) ਉਦੋਂ ਐਲਾਨਿਆ ਜਾਂਦਾ ਹੈ ਜਦੋਂ ਉਹ ਇੱਕ ਇਨਸਾਨ ਤੋਂ ਦੂਜੇ ਇਨਸਾਨ ਤੱਕ ਬੜੀ ਤੇਜ਼ੀ ਨਾਲ ਫੈਲ ਜਾਂਦੀ ਹੈ। ਪੂਰੀ ਦੁਨੀਆ ‘ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ‘ਤੇ ਵਿਸ਼ਵ ਸਿਹਤ ਸੰਗਠਨ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿਉਂਕਿ ਚੀਨ ਦੇ ਵੁਹਾਨ ‘ਚ 31 ਦਸੰਬਰ 2019 ਨੂੰ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਦੇ ਮਹਿਜ਼ ਹੀ 72 ਦਿਨਾਂ ਵਿੱਚ ਇਹ ਵਾਇਰਸ 117 ਦੇਸ਼ਾਂ ‘ਚ ਫੈਲ ਗਿਆ ਹੈ।