ਬਿਉਰੋ ਰਿਪੋਰਟ – ਲੋਕ ਸਭਾ ਚੋਣਾਂ ਦੇ 7ਵੇਂ ਅਤੇ ਅਖ਼ੀਰਲੇ ਗੇੜ ਦੇ ਚੋਣ ਪ੍ਰਚਾਰ ਦੇ ਅੰਤਮ ਦਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਖ਼ੀਰਲੀ ਰੈਲੀ ਹੁਸ਼ਿਆਰਪੁਰ ਵਿੱਚ ਕੀਤੀ। ਇਸ ਦੌਰਾਨ ਪੀਐੱਮ ਮੋਦੀ ਨੇ ਕਾਂਗਰਸ ਤੇ ਆਮ ਆਦਮੀ ਅਤੇ ਪੂਰੇ ਇੰਡੀਆ ਗਠਜੋੜ ’ਤੇ ਜਮਕੇ ਨਿਸ਼ਾਨਾ ਲਗਾਇਆ ਤੇ ਹੁਸ਼ਿਆਰਪੁਰ ਦੀ ਰਾਖਵੀਂ ਸੀਟ ਹੋਣ ਦੀ ਵਜ੍ਹਾ ਕਰਕੇ ਦਲਿਤ ਭਾਈਚਾਰੇ ਦੇ ਵੋਟ ਬੈਂਕ ਨੂੰ ਮੁੱਖ ਰੱਖਦਿਆਂ ਹੋਇਆਂ ਪ੍ਰਧਾਨ ਮੰਤਰੀ ਨੇ ਗੁਰੂ ਰਵੀਦਾਸ ਜੀ ਦੀ ਯਾਦ ਵਿੱਚ ਸਰਕਾਰ ਵੱਲੋਂ ਚੁੱਕੇ ਗਏ ਕੰਮ ਗਿਣਵਾਏ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਮੈਂ ਗੁਰੂ ਰਵੀਦਾਸ ਦੀ ਜਨਮ ਵਾਲੀ ਧਰਤੀ ਤੋਂ ਮੈਂਬਰ ਪਾਰਲੀਮੈਂਟ ਹਾਂ, ਹੁਸ਼ਿਆਰਪੁਰ ਨੂੰ ਛੋਟੀ ਕਾਸ਼ੀ ਕਿਹਾ ਜਾਂਦਾ ਹੈ ਜਿੱਥੇ ਰਵੀਦਾਸ ਨੇ ਤਪ ਕੀਤਾ। ਉਨ੍ਹਾਂ ਕਿਹਾ ਦਹਾਕਿਆਂ ਬਾਅਦ ਪਹਿਲੀ ਵਾਰ ਅਜਿਹਾ ਹੋਣ ਜਾ ਰਿਹਾ ਹੈ ਕਿ ਪੂਰੇ ਬਹੁਮਤ ਦੇ ਨਾਲ ਕਿਸੇ ਪਾਰਟੀ ਦੀ ਸਰਕਾਰ ਦੀ ਹੈਟ੍ਰਿਕ ਹੋਣ ਜਾ ਰਹੀ ਹੈ। ਤੁਸੀਂ ਮੇਰੇ ਜਾਣ ਦੇ ਬਾਅਦ ਗੁਰੂ ਘਰਾਂ ਤੇ ਮੰਦਰਾਂ ਵਿੱਚ ਜਾਓ ਅਤੇ ਵਿਕਸਤ ਪੰਜਾਬ ਲਈ ਅਰਦਾਸ ਕਰੋ। ਪ੍ਰਧਾਨ ਮੰਤਰੀ ਨੇ ਮੋਦੀ ਐਲਾਨ ਕੀਤਾ ਕਿ ਤੀਜੀ ਵਾਰ ਸਰਕਾਰ ਬਣਨ ਤੋਂ ਬਾਅਦ ਆਦਮਪੁਰ ਏਅਰਪੋਰਟ ਦਾ ਨਾਂ ਗੁਰੂ ਰਵੀਦਾਸ ਜੀ ਦੇ ਨਾਂ ’ਤੇ ਰੱਖਿਆ ਜਾਵੇਗਾ।
ਫਿਰ ਪੀਐੱਮ ਮੋਦੀ ਨੇ ਸ੍ਰੀ ਕਰਤਾਪੁਰ ਸਾਹਿਬ ਪਾਕਿਸਤਾਨ ਵਿੱਚ ਜਾਣ ’ਤੇ ਕਾਂਗਰਸ ਨੂੰ ਜ਼ਿੰਮੇਵਾਰ ਦੱਸਿਆ। ਕਾਂਗਰਸ ਨੂੰ ਰਾਮ ਮੰਦਰ ਦਾ ਵਿਰੋਧੀ ਜਦਕਿ ਸਿੱਖਾਂ ਨੇ ਸਭ ਤੋਂ ਪਹਿਲਾਂ ਰਾਮ ਮੰਦਰ ਦੀ ਲੜਾਈ ਲੜੀ। ਸੰਵਿਧਾਨ ਬਦਲਣ ਦੇ ਮੁੱਦੇ ’ਤੇ ਇੰਡੀਆ ਗਠਜੋੜ ਨੂੰ ਖਰੀਆਂ-ਖਰੀਆਂ ਸੁਣਾਈਆਂ। 1984 ਨਸਲਕੁਸ਼ੀ ਲਈ ਕਾਂਗਰਸ ਨੂੰ ਜ਼ਿੰਮੇਵਾਰ ਦੱਸਿਆ। ਰਾਖਵਾਂਕਰਨ ਖ਼ਤਮ ਕਰਨ ਦੀ ਸਾਜਿਸ਼ ਦਾ ਵੀ ਇੰਡੀਆ ਗਠਜੋੜ ’ਤੇ ਇਲਜ਼ਾਮ ਲਗਾਇਆ।
ਦੋਆਬੇ ਦੀ ਧਰਤੀ NRI ਲਈ ਜਾਣੀ ਜਾਂਦੀ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਧਾਨ ਮੰਤਰੀ ਨੇ ਆਪਣੀ ਵਿਦੇਸ਼ ਨੀਤੀ ਦੀ ਪਿੱਠ ਥਾਪੜੀ ਅਤੇ ਦਾਅਵਾ ਕੀਤੀ ਪੰਜਾਬੀ ਜਾਣਦੇ ਹਨ ਕਿ ਪਿਛਲੇ 10 ਸਾਲਾਂ ਵਿੱਚ ਉਨ੍ਹਾਂ ਦਾ ਰੁਤਬਾ ਵਿਦੇਸ਼ ਵਿੱਚ ਕਿੰਨਾ ਜ਼ਿਆਦਾ ਵਧਿਆ ਹੈ। ਅਸੀਂ ਦੁਸਸ਼ਮਣਾਂ ਨੂੰ ਘਰ ਵਿੱਚ ਵੜ ਕੇ ਮਾਰਿਆ।
ਪ੍ਰਧਾਨ ਮੰਤਰੀ ਨੇ ਕਾਂਗਰਸ ’ਤੇ ਤੰਜ ਕੱਸ ਦੇ ਹੋਏ ਕਿਹਾ ਇਨਾ ਨੇ ਭ੍ਰਿਸ਼ਟਾਚਾਰ ’ਤੇ ਹੁਣ ਡਬਲ PHD ਕੀਤੀ ਹੈ, ਕੱਟਰ ਪਾਰਟੀ ਵੀ ਨਾਲ ਜੁੜ ਗਈ ਹੈ। ਇੱਥੇ ਇੱਕ ਦੂਜੇ ਦੇ ਆਹਮੋ-ਸਾਹਮਣੇ ਹਨ ਦਿੱਲੀ ਵਿੱਚ ਇਕੱਠੇ ਹਨ। ਕਾਂਗਰਸ ਨੇ ਪੰਜਾਬ ਨੂੰ ਬਦਨਾਮ ਕਰਨ ਲਈ ਉੱਡਦਾ ਪੰਜਾਬ ਫ਼ਿਲਮ ਬਣਵਾਈ। ਮੌਜੂਦਾ ਸਰਕਾਰ ਗੈਰ ਕਾਨੂੰਨੀ ਮਾਇਨਿੰਗ ਤੋਂ ਪੈਸਾ ਕਮਾ ਰਹੀ ਹੈ, ਪੰਜਾਬ ਗੈਂਗਵਾਰ ਦਾ ਸ਼ਿਕਾਰ ਬਣ ਗਿਆ ਹੈ। ਖੇਤੀ ਨੂੰ ਬਰਬਾਦ ਕਰ ਦਿੱਤਾ ਹੈ। ਦਿੱਲੀ ਅਤੇ ਪੰਜਾਬ ਦੀ ਸਰਕਾਰ ਤਾਂ ਔਰਤਾਂ ਦਾ ਸਨਮਾਨ ਵੀ ਨਹੀਂ ਕਰਦੀ ਹੈ, ਆਮ ਆਦਮੀ ਪਾਰਟੀ ਦੀ ਨੀਤੀ ਅਤੇ ਨਾਅਰੇ ਦੋਵੇ ਫਰਜ਼ੀ ਹਨ।
ਦੇਸ਼ ਦੀ ਫੌਜ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਦੇ ਜਵਾਨ ਹਨ, ਇਸ ਲਈ ਪ੍ਰਧਾਨ ਮੰਤਰੀ ਮੋਦੀ ਨੇ ਲੋਕਸਭਾ ਚੋਣਾਂ ਅਖ਼ੀਰਲੇ ਭਾਸ਼ਣ ਵਿੱਚ ਫੌਜੀਆਂ ਦੀ ਦੇਸ਼ ਦੇ ਲਈ ਅਹਿਮੀਅਤ ਦੱਸੀ। ਉਨ੍ਹਾਂ ਕਿਹਾ ਫ਼ੌਜ ਦਾ ਮੁਕਾਬਲਾ ਕਿਸ ਨਾਲ ਹੋਵੇਗਾ, ਉਸ ਹਿਸਾਬ ਨਾਲ ਫੌਜ ਤਿਆਰ ਨਹੀਂ ਕੀਤੀ ਜਾਂਦੀ, ਸਿਰਫ਼ 26 ਜਨਵਰੀ ਦੀ ਪਰੇਡ ਲਈ ਫੌਜ ਤਿਆਰ ਨਹੀਂ ਹੁੰਦੀ, ਬਲਕਿ ਦੁਸ਼ਮਣ ਨੂੰ ਸਬਕ ਸਿਖਾਉਣ ਦੇ ਲਈ ਫੌਜ ਤਿਆਰ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਇੰਡੀਆ ਗਠਜੋੜ ਵਾਲਿਆਂ ਨੇ ਫੌਜ ’ਤੇ ਵੀ ਸਿਆਸਤ ਕੀਤੀ, ਫੌਜ ਦਾ ਅਪਮਾਨ ਮੈਂ ਬਰਦਾਸ਼ਤ ਨਹੀਂ ਕਰਾਂਗਾ। ਮੇਰਾ ਮੂੰਹ ਨਾ ਖੁਲ੍ਹਵਾਉ। ਜ਼ਰੂਰਤ ਪਈ ਤਾਂ ਤੁਹਾਡੀਆਂ 7 ਪੀੜ੍ਹੀਆਂ ਦੀ ਪੋਲ ਖੋਲ੍ਹ ਕੇ ਰੱਖ ਦੇਵਾਂਗਾ। ਅਖੀਰ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਫੌਜੀਆਂ ਨੂੰ 40 ਸਾਲ ਬਾਅਦ ਵਨ ਰੈਂਕ ਵਨ ਪੈਨਸ਼ਨ ਦਾ ਵਾਅਦਾ ਪੂਰਾ ਕੀਤਾ। ਕਾਂਗਰਸ ਹਰ ਵਾਰ ਇਸ ਨੂੰ ਲਟਕਾਉਂਦੀ ਰਹੀ ਸੀ।
ਇਹ ਵੀ ਪੜ੍ਹੋ – ਦਿੱਲੀ ’ਚ ਗਰਮੀ ਨਾਲ ਪਹਿਲੀ ਮੌਤ, 107 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਬੁਖ਼ਾਰ