ਦਿੱਲੀ ਸਰਕਾਰ ਦੀ ਜਲ ਮੰਤਰੀ ਆਤਿਸ਼ੀ ਨੇ ਦਿੱਲੀ ਜਲ ਬੋਰਡ ਦੇ ਸੀਈਓ ਨੂੰ ਪੱਤਰ ਲਿਖ ਕੇ ਨਿਰਦੇਸ਼ ਦਿੱਤਾ ਹੈ ਕਿ ਉਹ ਤੁਰੰਤ ਦਿੱਲੀ ਭਰ ਵਿੱਚ 200 ਟੀਮਾਂ ਤੈਨਾਤ ਕਰਨ ਤਾਂ ਜੋ ਪਾਈਪ ਨਾਲ ਕਾਰ ਧੋਣ, ਪਾਣੀ ਦੀਆਂ ਟੈਂਕੀਆਂ ਦੇ ਓਵਰਫਲੋ ਹੋਣ ਤੇ ਅਤੇ ਘਰੇਲੂ ਪਾਣੀ ਦੇ ਕੁਨੈਕਸ਼ਨ ਜ਼ਰੀਏ ਵਪਾਰਕ ਤੌਰ ’ਤੇ ਪ੍ਰਯੋਗ ਕਰਨਾ ਜਾਂ ਫ਼ਿਰ ਉਸਾਰੀ ਵਾਲੀਆਂ ਥਾਵਾਂ ’ਤੇ ਪਾਣੀ ਦੀ ਵਰਤੋਂ ਕਰਨਾ ਪਾਣੀ ਦੀ ਬਰਬਾਦੀ ਮੰਨਿਆ ਜਾਵੇਗਾ। ਪਾਣੀ ਦੀ ਬਰਬਾਦੀ ਕਰਨ ’ਤੇ 2,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।
ਆਤਿਸ਼ੀ ਨੇ ਹਦਾਇਤ ਕੀਤੀ ਕਿ ਭਲਕੇ (30/05/2024) ਸਵੇਰੇ 8 ਵਜੇ ਤੋਂ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ ਅਤੇ ਜੇਕਰ ਕੋਈ ਵੀ ਪਾਣੀ ਦੀ ਬਰਬਾਦੀ ਕਰਦਾ ਪਾਇਆ ਗਿਆ ਤਾਂ ਉਸ ਨੂੰ 2000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਨਾਲ ਹੀ, ਉਸਾਰੀ ਵਾਲੀਆਂ ਥਾਵਾਂ ਜਾਂ ਵਪਾਰਕ ਅਦਾਰਿਆਂ ’ਤੇ ਪਾਣੀ ਦੇ ਕਿਸੇ ਵੀ ਗੈਰ-ਕਾਨੂੰਨੀ ਕੁਨੈਕਸ਼ਨ ਨੂੰ ਕੱਟ ਦਿੱਤਾ ਜਾਵੇਗਾ।
ਆਤਿਸ਼ੀ ਨੇ ਮੰਗਲਵਾਰ ਨੂੰ ਦਿੱਤਾ ਸੀ ਇਹ ਸੰਕੇਤ
ਮੰਗਲਵਾਰ ਨੂੰ ਆਤਿਸ਼ੀ ਨੇ ਸੰਕੇਤ ਦਿੱਤਾ ਸੀ ਕਿ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਹੁਣ ਚਲਾਨ ਦਾ ਨਿਯਮ ਲਾਗੂ ਕੀਤਾ ਜਾਵੇਗਾ। ਆਤਿਸ਼ੀ ਨੇ ਕਿਹਾ ਸੀ ਕਿ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਦਾ ਚਲਾਨ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਸੀ ਕਿ ਹਰਿਆਣਾ ਪਹਿਲੀ ਮਈ ਤੋਂ ਦਿੱਲੀ ਦੇ ਹਿੱਸੇ ਦਾ ਪਾਣੀ ਨਹੀਂ ਦੇ ਰਿਹਾ।
ਕੇਜਰੀਵਾਲ ਦੀ ਮੰਤਰੀ ਆਤਿਸ਼ੀ ਨੇ ਕਿਹਾ ਸੀ ਕਿ ਜੇਕਰ ਆਉਣ ਵਾਲੇ ਦਿਨਾਂ ’ਚ ਦਿੱਲੀ ’ਚ ਯਮੁਨਾ ਜਲ ਸਪਲਾਈ ’ਚ ਸੁਧਾਰ ਨਾ ਹੋਇਆ ਤਾਂ ਦਿੱਲੀ ਸਰਕਾਰ ਸੁਪਰੀਮ ਕੋਰਟ ਤੱਕ ਪਹੁੰਚ ਕਰ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ। ਮੰਤਰੀ ਨੇ ਇਹ ਚੇਤਾਵਨੀ ਵੀ ਦਿੱਤੀ ਸੀ ਕਿ ਜੇਕਰ ਲੋਕਾਂ ਨੇ ਇਸ ਅਪੀਲ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਨੂੰ ਪਾਣੀ ਦੀ ਵੱਧ ਵਰਤੋਂ ਕਰਨ ਵਾਲਿਆਂ ਦੇ ਚਲਾਨ ਕੱਟਣੇ ਪੈ ਸਕਦੇ ਹਨ।