ਮਾਨਸਾ ਵਿਖੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੇ ਹੈਲੀਕਾਪਟਰ ਦੇ ਲੈਂਡ ਨਾ ਹੋਣ ਦੇ ਮਾਮਲੇ ਵਿੱਚ ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ। ਉਨ੍ਹਾਂ ਭਾਜਪਾ ਹਾਈਕਮਾਂਡ ਨੂੰ ਇਸ ਬਾਰੇ ਜਾਣੂ ਕਰਾਇਆ ਹੈ ਤੇ ਇਸ ਦੇ ਨਾਲ-ਨਾਲ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਇਸ ਘਟਨਾ ਪਿੱਛੇ ਜ਼ਿੰਮੇਵਾਰ ਹਰ ਅਧਿਕਾਰੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਪਰਮਪਾਲ ਕੌਰ ਨੇ ਇਲਜ਼ਾਮ ਲਾਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਸ ਵਿੱਚ ਰਲ ਚੁੱਕੇ ਹਨ ਤੇ ਇਨ੍ਹਾਂ ਦਾ ਗੁਪਤ ਸੌਦਾ ਹੋ ਚੁੱਕਿਆ ਹੈ। ਪਰਮਪਾਲ ਕੌਰ ਨੇ ਕਿਹਾ ਹੈ ਕਿ ਚਾਰ ਜੂਨ ਨੂੰ ਭਾਜਪਾ ਦੀ ਸਰਕਾਰ ਬਣੇਗੀ ਤੇ ਭਾਜਪਾ ਦੇ ਹੀ ਉਮੀਦਵਾਰ ਜਿੱਤਣਗੇ।
ਦਰਅਸਲ ਬੀਤੇ ਕੱਲ੍ਹ ਮਾਨਸਾ ਵਿੱਚ ਪਰਮਪਾਲ ਕੌਰ ਦੀ ਰੈਲੀ ਰੱਖੀ ਗਈ ਸੀ ਤੇ ਇਸ ਰੈਲੀ ਦੇ ਵਿੱਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਾ ਸੀ। ਪਰ ਈਰਾਨੀ ਦੇ ਚੌਪਰ ਨੂੰ ਪ੍ਰਸ਼ਾਸਨ ਵੱਲੋਂ ਸਹੀ ਸਿਗਨਲ ਨਹੀਂ ਦਿੱਤਾ ਗਿਆ, ਜਿਸ ਕਾਰਨ ਚੌਪਰ ਲੈਂਡ ਨਹੀਂ ਹੋ ਸਕਿਆ। ਇਲ ਦੌਰਾਨ ਚੌਪਰ ਮਾਨਸਾ ਸ਼ਹਿਰ ਦੇ ਉੱਪਰ ਘੁੰਮਦਾ ਰਿਹਾ ਪਰ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।