ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲੇ ’ਚ ਭਾਜਪਾ ਉਮੀਦਵਾਰ ਕਰਨ ਭੂਸ਼ਣ ਸਿੰਘ ਦੇ ਕਾਫਲੇ ਵਿੱਚ ਸ਼ਾਮਲ ਇੱਕ ਕਾਰ ਦੀ ਲਪੇਟ ’ਚ ਆਉਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖ਼ਮੀ ਬੱਚੇ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਗੱਡੀ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਰਨ ਭੂਸ਼ਣ ਸਿੰਘ (Brij Bhushan Sharan Singh) ਕੇਸਰਗੰਜ ਲੋਕ ਸਭਾ ਸੀਟ ਤੋਂ ਆਪਣੇ ਪਿਤਾ ਤੇ ਮੌਜੂਦਾ ਸਾਂਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਲਈ ਚੋਣ ਲੜ ਰਿਹਾ ਹੈ।
ਚੰਦਾ ਬੇਗਮ ਦੀ ਸ਼ਿਕਾਇਤ ’ਤੇ ਆਧਾਰਿਤ FIR ਮੁਤਾਬਕ ਇਹ ਘਟਨਾ ਸਵੇਰੇ 9 ਵਜੇ ਦੇ ਕਰੀਬ ਵਾਪਰੀ ਜਦੋਂ ਮੋਟਰਸਾਈਕਲ ’ਤੇ ਸਵਾਰ ਉਸ ਦੇ 17 ਸਾਲਾ ਬੇਟੇ ਰੇਹਾਨ ਤੇ 24 ਸਾਲਾ ਭਤੀਜੇ ਸ਼ਹਿਜ਼ਾਦੇ ਨੂੰ ਉਲਟ ਦਿਸ਼ਾ ਤੋਂ ਆ ਰਹੀ ਤੇਜ਼ ਰਫ਼ਤਾਰ ਐਸਯੂਵੀ ਨੇ ਟੱਕਰ ਮਾਰ ਦਿੱਤੀ।
ਇਨ੍ਹਾਂ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ ਜਦਕਿ ਇੱਕ ਹੋਰ ਜ਼ਖਮੀ ਵਿਅਕਤੀ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਹਾਲਾਂਕਿ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਕਰਨ ਭੂਸ਼ਣ ਸਿੰਘ ਕਾਫਲੇ ਦਾ ਹਿੱਸਾ ਸੀ ਜਾਂ ਨਹੀਂ। ਦੁਰਘਟਨਾ ਵਿੱਚ ਸ਼ਾਮਲ ਕਾਰ ਸਾਬਕਾ WFI ਮੁਖੀ ਦੇ ਪਰਿਵਾਰ ਦੀ ਮਲਕੀਅਤ ਵਾਲੀ ਇਕਾਈ ਦੇ ਤਹਿਤ ਰਜਿਸਟਰਡ ਦੱਸੀ ਜਾਂਦੀ ਹੈ।
ਘਟਨਾ ਲਈ ਜਵਾਬਦੇਹੀ ਦੀ ਮੰਗ ਨੂੰ ਲੈ ਕੇ ਗੁੱਸੇ ਵਿੱਚ ਆਏ ਸਥਾਨਕ ਲੋਕਾਂ ਵੱਲੋਂ ਸੜਕ ਜਾਮ ਕਰਨ ਦੀਆਂ ਖ਼ਬਰਾਂ ਹਨ। ਪੁਲਿਸ ਮੁਲਾਜ਼ਮ ਮੌਕੇ ’ਤੇ ਮੌਜੂਦ ਹਨ।