ਕੱਲ੍ਹ 29 ਮਈ ਨੂੰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਦੂਸਰੀ ਬਰਸੀ ਹੈ ਪਰ ਇਸ ਵਾਰ ਬਰਸੀ ਦੇ ਸਮਾਗਮ ਨੂੰ ਬਹੁਤ ਘੱਟ ਤਵੱਜੋ ਦਿੱਤੀ ਜਾ ਰਹੀ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਇਸ ਵਾਰ ਲੋਕ ਸਭਾ ਚੋਣਾਂ ਕਾਰਨ ਉਨ੍ਹਾਂ ਦੇ ਪੁੱਤਰ ਦੀ ਬਰਸੀ ਦਾ ਸਮਾਗਮ ਮਹਿਜ਼ ਇੱਕ ਛੋਟੇ ਜਿਹੇ ਪਰਿਵਾਰਕ ਪ੍ਰੋਗਰਾਮ ’ਤੇ ਸਿਮਟ ਗਿਆ ਹੈ ਜਦਕਿ ਪਿਛਲੀ ਬਰਸੀ ਮੌਕੇ ਮਾਨਸਾ ਦੀ ਦਾਣਾ ਮੰਡੀ ਵਿੱਚ ਵੱਡਾ ਇਕੱਠ ਦੇਖਣ ਨੂੰ ਮਿਲਿਆ ਸੀ।
ਹਾਲਾਂਕਿ ਇਸ ਵਾਰ ਮੂਸੇਵਾਲਾ ਦੀ ਦੂਜੀ ਬਰਸੀ ਮੌਕੇ ਕੁਝ ਗ਼ੈਰ-ਸਰਕਾਰੀ ਸੰਗਠਨਾਂ ਵੱਲੋਂ ਪਿੰਡ ਮੂਸਾ ਵਿੱਚ ਉਸ ਦੀ ਯਾਦਗਾਰ ’ਤੇ ਖੂਨਦਾਨ ਕੈਂਪ ਲਾਏ ਜਾ ਰਹੇ ਹਨ।
ਮੂਸੇਵਾਲਾ ਦੇ ਪਰਿਵਾਰ ਨੇ ਕਿਹਾ, “’ਜਦੋਂ ਤੱਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਕਾਤਲਾਂ ਅਤੇ ਸਾਜ਼ਿਸ਼ਕਾਰਾਂ ਨੂੰ ਸਜ਼ਾ ਨਹੀਂ ਮਿਲਦੀ, ਉਦੋਂ ਤੱਕ ਇਨਸਾਫ਼ ਲਈ ਸਾਡੀ ਲੜਾਈ ਜਾਰੀ ਰਹੇਗੀ। ਉਸ ਦਾ ਕਤਲ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਹੈ।”