ਪੰਜਾਬ ਵਿੱਚ ਰੇਤਾ ਤੇ ਬੱਜਰੀ ਦੇ ਰੇਟ ਅਸਮਾਨ ਛੂਹ ਰਹੇ ਹਨ ਤੇ ਦੂਜੇ ਪਾਸੇ ਰੇਤ ਮਾਫੀਆ ਧੜੱਲੇ ਨਾਲ ਨਾਜਾਇਜ਼ ਮਾਈਨਿੰਗ (Illegal Mining in Ropar) ਕਰਕੇ ਖੁੱਲ੍ਹਾ ਪੈਸਾ ਕਮਾ ਰਿਹਾ ਹੈ। ਬੀਤੀ ਦੇਰ ਰੀਤ 2 ਵਜੇ ਦੇ ਕਰੀਬ ਕਾਂਗਰਸੀ ਲੀਡਰ ਬਰਿੰਦਰ ਸਿੰਘ ਢਿੱਲੋਂ (Brinder Singh Dhillon) ਨੇ ਫੇਸਬੁੱਕ ਤੋਂ ਲਾਈਵ ਹੋ ਕੇ ਪੰਜਾਬ ਵਿੱਚ ਰਾਤ ਨੂੰ ਧੜੱਲੇ ਨਾਲ ਹੋ ਰਹੀ ਨਾਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਕੀਤਾ ਹੈ। ਇਨ੍ਹਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਇਲਜ਼ਾਮ ਲਾਏ ਹਨ ਕਿ ਪੰਜਾਬ ਸਰਕਾਰ ਦੀ ਸ਼ਹਿ ’ਤੇ ਰੋਪੜ ਵਿੱਚ ਧੜਾ-ਧੜ ਨਜਾਇਜ਼ ਮਾਈਨਿੰਗ ਚੱਲ ਰਹੀ ਹੈ।
ਬਰਿੰਦਰ ਸਿੰਘ ਢਿੱਲੋਂ ਨੇ 21 ਤੇ 32 ਮਿੰਟਾਂ ਦੇ ਦੋ ਲਾਈਵ ਕਰਕੇ ਦਿਖਾਇਆ ਕੇ ਕਿੰਵੇਂ ਰੋਪੜ ਦੇ ਦਰਿਆ ਪੋਕਲੇਨ ਮਸ਼ੀਨਾਂ ਨਾਲ ਪੁੱਟੇ ਜਾ ਰਹੇ ਹਨ। ਆਸ-ਪਾਸ ਦੇ ਲੋਕ ਪੁਲਿਸ ਨੂੰ ਇਸ ਸਬੰਧੀ ਇੰਨੀਆਂ ਹੀ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਹਾਲੇ ਤਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਸਥਾਨਕ ਪੁਲਿਸ ਪ੍ਰਸ਼ਾਸਨ ’ਤੇ ਵੀ ਸਵਾਲ ਖੜੇ ਕੀਤੇ ਹਨ ਕੇ ਉਨ੍ਹਾਂ ਦੇ DSP ਤੇ ਹੋਰ ਅਧਿਆਕਰੀਆਂ ਨੂੰ ਫ਼ੋਨ ਕਰਨ ਦੇ ਬਾਵਜੂਦ ਸਮੇਂ ਸਿਰ ਪੁਲਿਸ ਘਟਨਾ ਵਾਲੀ ਥਾਂ ਨਹੀਂ ਪਹੁੰਚ ਸਕੀ, ਕਿੰਨੀ ਦੇਰ ਬਾਅਦ 2 ਪੁਲਿਸ ਮੁਲਾਜ਼ਮ ਪਹੁੰਚੇ।
ਲਾਈਵ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਦਰਜਨਾਂ ਟਿੱਪਰ ਤੇ ਪੋਕਲੇਨ ਮਸ਼ੀਨਾਂ ਨਾਲ ਦਰਿਆ ਵਿੱਚੋਂ ਰੇਤਾ ਤੇ ਬੱਜਰੀ ਕੱਢੀ ਜਾ ਰਹੀ ਸੀ, ਮਸ਼ੀਨਾਂ ਗਿੱਲੀਆਂ ਸਨ, ਪਰ ਉਨ੍ਹਾਂ ਨੂੰ ਸਾਈਟ ’ਤੇ ਆਉਂਦਿਆਂ ਵੇਖ ਮਜ਼ਦੂਰ ਮਸ਼ੀਨਾਂ ਛੱਡ ਕੇ ਉੱਥੋਂ ਫਰਾਰ ਹੋ ਗਏ ਸਨ। ਫਿਲਹਾਲ ਪੁਲਿਸ ਮੌਕੇ ’ਤੇ ਪਹੁੰਚ ਗਈ ਸੀ ਤੇ ਕਾਰਵਾਈ ਕੀਤੀ ਜਾ ਰਹੀ ਹੈ।