India Lok Sabha Election 2024 Punjab

ਪੰਜਾਬ ’ਚ ਬੀਜੇਪੀ ਲਾ ਰਹੀ ਪੂਰਾ ਜ਼ੋਰ! ਅੱਜ ਮੁਹਾਲੀ ਤੇ ਨਵਾਂਸ਼ਹਿਰ ਆਉਣਗੇ ਉੱਤਰਾਖੰਡ ਦੇ ਮੁੱਖ ਮੰਤਰੀ, ਰਾਣਾ ਕੇਪੀ ਵੀ ਕਰਨਗੇ ਚੋਣ ਪ੍ਰਚਾਰ

ਪੰਜਾਬ ’ਚ ਪਹਿਲੀ ਜੂਨ ਨੂੰ ਲੋਕ ਸਭਾ ਚੋਣਾਂ ਹੋਣੀਆਂ ਹਨ। ਜਿਵੇਂ-ਜਿਵੇਂ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ, ਸਿਆਸੀ ਪਾਰਟੀਆਂ ਦੇ ਸਟਾਰ ਪ੍ਰਚਾਰਕ ਜ਼ੋਰ-ਸ਼ੋਰ ਨਾਲ ਰੈਲੀਆਂ ਕਰ ਰਹੇ ਹਨ। ਪੰਜਾਬ ਦੇ ਵੋਟਰਾਂ ਦਾ ਸਮਰਨ ਹਾਸਲ ਕਰਨ ਲਈ ਸਾਰੀਆਂ ਪਾਰਟੀਆਂ ਪੂਰਾ ਜ਼ੋਰ ਲਾ ਰਹੀਆਂ ਹਨ। ਅੱਜ ਬੀਜੇਪੀ, ‘ਆਪ’ ਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਚੋਣ ਪ੍ਰਚਾਰ ਕਰਨਗੇ। ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਵੀ ‘ਸਟਾਰ ਵਾਰ’ ਸ਼ੁਰੂ ਹੋ ਗਈ ਹੈ।

ਸਭ ਤੋਂ ਪਹਿਲਾਂ ਭਾਜਪਾ ਦੀ ਗੱਲ ਕਰੀਏ ਤਾਂ ਇਸ ਦੇ ਸਟਾਰ ਪ੍ਰਚਾਰਕ ਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਅੱਜ ਸ੍ਰੀ ਆਨੰਦਪੁਰ ਸਾਹਿਬ ਹਲਕੇ ਵਿੱਚ ਪਾਰਟੀ ਉਮੀਦਵਾਰ ਸੁਭਾਸ਼ ਸ਼ਰਮਾ ਲਈ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੇ ਪ੍ਰਧਾਨ ਰਾਣਾ ਕੇਪੀ ਵੀ ਪਾਰਟੀ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੇ ਹੱਕ ਵਿੱਚ ਅੱਜ ਦਿਨ ਭਰ 8 ਦੇ ਕਰੀਬ ਪ੍ਰੋਗਰਾਮ ਕਰਨਗੇ।

ਪੁਸ਼ਕਰ ਧਾਮੀ ਦੇ ਅੱਜ ਲੋਕ ਸਭਾ ਹਲਕੇ ਵਿੱਚ ਦੋ ਪ੍ਰੋਗਰਾਮ ਤੈਅ ਹਨ। ਇਸ ਦੌਰਾਨ ਉਹ ਸ਼ਾਮ ਨੂੰ ਨਵਾਂਸ਼ਹਿਰ ਦੇ ਬਲਾਚੌਰ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰਨਗੇ। ਜਦੋਂਕਿ ਦੂਜੀ ਜਨਤਕ ਮੀਟਿੰਗ ਉਹ ਮੁਹਾਲੀ ਵਿੱਚ ਕਰਨਗੇ। ਉਨ੍ਹਾਂ ਦੇ ਪ੍ਰੋਗਰਾਮ ਉਨ੍ਹਾਂ ਇਲਾਕਿਆਂ ਵਿੱਚ ਤੈਅ ਕੀਤੇ ਗਏ ਹਨ ਜਿੱਥੇ ਉੱਤਰਾਖੰਡ ਦੇ ਜ਼ਿਆਦਾ ਲੋਕ ਰਹਿੰਦੇ ਹਨ।

ਇਸ ਦੇ ਨਾਲ ਹੀ ਕਾਂਗਰਸ ਪ੍ਰਚਾਰ ਕਮੇਟੀ ਦੇ ਪ੍ਰਧਾਨ ਰਾਣਾ ਕੇਪੀ ਅੱਜ ਵਿਜੇ ਇੰਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਤੇਜ਼ ਕਰਨਗੇ। ਹਲਕਾ ਰੋਪੜ ਵਿੱਚ ਦਿਨ ਭਰ ਉਨ੍ਹਾਂ ਦੀਆਂ ਚੋਣ ਮੀਟਿੰਗਾਂ ਰੱਖੀਆਂ ਗਈਆਂ ਹਨ। ਇਸ ਤੋਂ ਇਲਾਵਾ ਉਹ ਬਾਰ ਐਸੋਸੀਏਸ਼ਨ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ। ਇਸ ਤੋਂ ਪਹਿਲਾਂ ਉੱਤਰਾਖੰਡ ਦੇ ਸਾਬਕਾ ਸੀਐਮ ਹਰੀਸ਼ ਰਾਵਤ ਨੇ ਐਤਵਾਰ ਸ਼ਾਮ ਨੂੰ ਖਰੜ ਵਿੱਚ ਆਪਣੇ ਹੱਕ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ ਸੀ।

ਸ੍ਰੀ ਆਨੰਦਪੁਰ ਸਾਹਿਬ ਹਲਕਾ 2008 ਵਿੱਚ ਬਣਿਆ ਸੀ। ਉਸ ਤੋਂ ਬਾਅਦ ਇੱਥੋਂ ਦੋ ਵਾਰ ਕਾਂਗਰਸ ਅਤੇ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਜਿੱਤਿਆ ਹੈ। ਇੱਥੋਂ ਦੇ ਸਾਬਕਾ ਸੰਸਦ ਮੈਂਬਰ ਕਾਂਗਰਸੀ ਆਗੂ ਮਨੀਸ਼ ਤਿਵਾੜੀ ਹਨ, ਜੋ ਇਸ ਵੇਲੇ ਚੰਡੀਗੜ੍ਹ ਤੋਂ ਕਾਂਗਰਸ ਅਤੇ ਆਪ ਇੰਡੀਆ ਗਠਜੋੜ ਦੇ ਉਮੀਦਵਾਰ ਹਨ। ਇਸ ਹਲਕੇ ਵਿੱਚ ਕੁੱਲ 9 ਵਿਧਾਨ ਸਭਾ ਹਲਕੇ ਹਨ। 7 ਹਲਕਿਆਂ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ।

 

ਇਹ ਵੀ ਪੜ੍ਹੋ – ਲੁਧਿਆਣਾ ‘ਚ ਅੱਜ ਤੋਂ ਸ਼ੁਰੂ ਹੋਵੇਗੀ ਵੋਟਿੰਗ, ਅੰਗਹੀਣਾਂ ਤੇ ਬਜ਼ੁਰਗਾਂ ਤੋਂ ਟੀਮਾਂ ਘਰ-ਘਰ ਜਾ ਕੇ ਵੋਟਾਂ ਲੈਣਗੀਆਂ ਟੀਮਾਂ