India Sports

ਮਹਿਲਾ ਕੰਪਾਊਂਡ ਟੀਮ ਨੇ ਸੋਨੇ ਦੀ ਲਾਈ ‘ਹੈਟ੍ਰਿਕ’, ਪੰਜਾਬ ਦੀ ਧੀ ਪ੍ਰਨੀਤ ਕੌਰ ਨੇ ਵਧਾਇਆ ਦੇਸ਼ ਦਾ ਮਾਣ

ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਭਾਰਤੀ ਟੀਮ ਦੀ ਤਿਕੜੀ ਜੋਤੀ ਸੁਰੇਖਾ ਵੇਨਮ, ਪ੍ਰਨੀਤ ਕੌਰ ਅਤੇ ਅਦਿਤੀ ਸਵਾਮੀ ਨੇ ਫਾਈਨਲ ਮੈਚ ਵਿੱਚ ਤੁਰਕੀ ਨੂੰ 232-226 ਦੇ ਸਕੋਰ ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ ਹੈ। ਇਸ ਤਿਕੜੀ ਵਿੱਚੋਂ ਪ੍ਰਨੀਤ ਕੌਰ ਪੰਜਾਬ ਦੀ ਰਹਿਣ ਵਾਲੀ ਹੈ।

ਜੋਤੀ ਸੁਰੇਖਾ ਵੇਨਮ, ਪ੍ਰਨੀਤ ਕੌਰ ਅਤੇ ਅਦਿਤੀ ਸਵਾਮੀ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ ਲਗਾਤਾਰ ਤੀਜੀ ਵਾਰ ਸੋਨ ਤਗ਼ਮਾ ਜਿੱਤਿਆ। ਦੱਸ ਦੇਈਏ ਕਿ ਦੱਖਣੀ ਕੋਰੀਆ ਵਿੱਚ ਭਾਰਤੀ ਟੀਮ ਨੇ ਕੰਪਾਊਂਡ ਮਹਿਲਾ ਟੀਮ ਫਾਈਨਲ ਦੇ ਪੜਾਅ ਦੋ ਮੁਕਾਬਲੇ ਵਿੱਚ 6 ਅੰਕਾਂ ਨਾਲ ਅੱਗੇ ਹੋ ਕੇ ਸੋਨ ਤਗ਼ਮਾ ਜਿੱਤਿਆ ਸੀ।

ਵਿਸ਼ਵ ਦੀ ਨੰਬਰ-1 ਭਾਰਤੀ ਕੰਪਾਊਂਡ ਮਹਿਲਾ ਟੀਮ ਨੇ ਤੁਰਕੀ ਦੀ ਹੇਜ਼ਲ ਬੁਰੁਨ, ਆਇਸੇ ਬੇਰਾ ਸੁਜ਼ਾਰ ਅਤੇ ਬੇਗਮ ਯੁਵਾ ਨੂੰ ਹਰਾਇਆ। ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਆਪਣਾ ਦਬਦਬਾ ਕਾਇਮ ਰੱਖਿਆ ਅਤੇ ਬਿਨਾਂ ਕੋਈ ਸੈੱਟ ਗੁਆਏ ਮੈਚ ਜਿੱਤ ਲਿਆ। ਜੋਤੀ, ਪ੍ਰਨੀਤ ਅਤੇ ਅਦਿਤੀ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ ਸੋਨ ਤਗਮੇ ਦੀ ਹੈਟ੍ਰਿਕ ਪੂਰੀ ਕੀਤੀ।

ਇਸ ਤਿਕੜੀ ਨੇ ਸ਼ੰਘਾਈ ਵਿੱਚ ਵਿਸ਼ਵ ਕੱਪ ਪੜਾਅ 1 ਵਿੱਚ ਇਟਲੀ ਨੂੰ ਹਰਾ ਕੇ ਖ਼ਿਤਾਬ ਜਿੱਤਿਆ ਸੀ। ਪਿਛਲੇ ਸਾਲ ਪੈਰਿਸ ਵਿੱਚ ਚੌਥੇ ਪੜਾਅ ਵਿੱਚ ਸੋਨ ਤਗਮਾ ਜਿੱਤਿਆ ਸੀ। ਭਾਰਤ ਨੂੰ ਜੋਤੀ ਅਤੇ ਪ੍ਰਿਅੰਸ਼ ਤੋਂ ਵੀ ਸੋਨ ਤਗਮੇ ਦੀ ਉਮੀਦ ਹੈ। ਇਹ ਭਾਰਤੀ ਟੀਮ ਕੰਪਾਊਂਡ ਮਿਕਸਡ ਟੀਮ ਫਾਈਨਲ ਵਿੱਚ ਅਮਰੀਕਾ ਨਾਲ ਭਿੜੇਗੀ।