Punjab

ਕਿਸਾਨਾਂ ਦਾ ਸ਼ੰਭੂ ਰੇਲ ਟ੍ਰੈਕ ਤੋਂ ਧਰਨਾ ਖ਼ਤਮ, ਅੱਜ ਹੀ ਰੇਲਵੇ ਟਰੈਕ ਖ਼ਾਲੀ ਕੀਤੇ ਜਾਣਗੇ

ਲੰਮੇ ਸਮੇਂ ਸ਼ੰਭੂ ਬਾਰਡਰ ਉਪਰ ਰੇਲ ਟਰੈਕ ਉਤੇ ਧਰਨਾ ਦੇ ਕਿਸਾਨਾਂ ਨੇ ਧਰਨਾ ਚੁੱਕਣ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਨੇਤਾਵਾਂ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਅੱਜ ਹੀ ਸ਼ੰਭੂ ਰੇਲਵੇ ਟ੍ਰੈਕ ਤੋਂ ਕਿਸਾਨ ਆਪਣਾ ਧਰਨਾ ਚੁੱਕ ਦੇਣਗੇ ਅਤੇ ਟ੍ਰੈਕ ਨੂੰ ਖ਼ਾਲੀ ਕਰ ਦਿੱਤਾ ਜਾਵੇਗਾ ਪਰ ਇਹ ਧਰਨਾ ਸ਼ੰਭੂ ਸੜਕ ’ਤੇ ਜਾਰੀ ਰਹੇਗਾ।

ਕਿਸਾਨ ਨੇਤਾਵਾਂ ਨੇ ਅੱਗੇ ਕਿਹਾ ਕਿ ਕਿਸਾਨਾਂ ਵਲੋਂ ਭਾਜਪਾ ਨੇਤਾਵਾਂ ਦੇ ਘਰਾਂ ਦੇ ਬਾਹਰ ਧਰਨਾ ਦਿੱਤਾ ਜਾਵੇਗਾ ਅਤੇ ਪੰਜਾਬ ਆ ਰਹੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛਣ ਲਈ ਕਿਸਾਨ ਕਾਫ਼ਲਿਆ ਦੇ ਰੂਪ ਵਿਚ ਜਾਣਗੇ।

ਰੇਲਵੇ ਟ੍ਰੈਕ ਜਾਮ ਹੋਣ ਕਾਰਨ ਰੇਲਵੇ ਵਿਭਾਗ ਨੂੰ ਹਰ ਰੋਜ਼ ਟਰੇਨਾਂ ਰੱਦ ਕਰਨੀਆਂ ਪਈਆਂ। ਇਸ ਤੋਂ ਇਲਾਵਾ ਕਈ ਟਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਨੂੰ ਲੈ ਕੇ 23 ਮਈ ਨੂੰ ਪੰਜਾਬ ਆਉਣਗੇ। ਇਸ ਦੌਰਾਨ ਉਹ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਮੀਟਿੰਗ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਕਿਸਾਨ ਪ੍ਰਧਾਨ ਮੰਤਰੀ ਦਾ ਘਿਰਾਓ ਕਰਨਗੇ | ਨਰਿੰਦਰ ਮੋਦੀ ਜਿੱਥੇ ਵੀ ਪਹੁੰਚਣਗੇ, ਕਿਸਾਨ ਉਨ੍ਹਾਂ ਦਾ ਵਿਰੋਧ ਕਰਨਗੇ।

ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨਾਂ ਦੇ ਧਰਨੇ ਕਾਰਨ ਪੰਜਾਬ ਦਾ ਵਪਾਰੀ ਵਰਗ ਪਰੇਸ਼ਾਨ ਸੀ। ਉਨ੍ਹਾਂ 10 ਦਿਨਾਂ ਦੇ ਅੰਦਰ-ਅੰਦਰ ਧਰਨਾ ਬੰਦ ਕਰਨ ਦੀ ਚਿਤਾਵਨੀ ਵੀ ਦਿੱਤੀ ਸੀ। ਫਿਲਹਾਲ ਕਿਸਾਨਾਂ ਨੇ ਰੇਲਵੇ ਟਰੈਕ ਖਾਲੀ ਕਰਨ ਦਾ ਐਲਾਨ ਕਰ ਦਿੱਤਾ ਹੈ। ਜਿਸ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੇਗੀ।