India

‘ਕੱਲ BJP ਹੈੱਡਕੁਆਟਰ ਸਾਹਮਣੇ MLA’s ਤੇ MP’s ਨਾਲ ਪਹੁੰਚ ਰਿਹਾ ਹਾਂ’! ‘ਇਕੋ ਵਾਰੀ ਕਰੋ ਗ੍ਰਿਫਤਾਰ’ !

ਬਿਉਰੋ ਰਿਪੋਰਟ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦੇ PA ਬਿਭਵ ਕੁਮਾਰ ( Bibhav Kumar ) ਨੂੰ ਸਵਾਤੀ ਮਾਲੀਵਾਲ (Swati maliwal) ਦੇ ਮਾਮਲੇ ਵਿੱਚ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਆਪ ਸੁਪ੍ਰੀਮੋ ਨੇ ਵੱਡਾ ਐਲਾਨ ਕੀਤਾ ਹੈ । ਉਨ੍ਹਾਂ ਨੇ ਬੀਜੇਪੀ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਕੱਲ ਯਾਨੀ 19 ਮਈ ਨੂੰ ਦੁਪਹਿਰ 12 ਵਜੇ BJP ਹੈੱਡਕੁਆਟਰ ਪਹੁੰਚਣਗੇ । ਉਨ੍ਹਾਂ ਦੇ ਨਾਲ ਆਪ ਦੇ ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਵੀ ਹੋਣਗੇ ਜਿਸ-ਜਿਸ ਨੂੰ ਗ੍ਰਿਫਤਾਰ ਕਰਨਾ ਹੈ ਕਰ ਲੈਣਾ । ਤੁਸੀਂ ਸੋਚ ਦੇ ਹੋ ਇਸ ਤਰ੍ਹਾਂ ਸਾਨੂੰ ਦਬਾਉਗੇ,ਤੁਸੀਂ ਗਲਤ ਸੋਚ ਰਹੇ ਹੋ,ਆਮ ਆਦਮੀ ਪਾਰਟੀ ਇੱਕ ਵਿਚਾਰ ਹੈ ।

ਕੇਜਰੀਵਾਲ ਨੇ ਕਿਹਾ ਪ੍ਰਧਾਨ ਮੰਤਰੀ ਜੀ ਇੱਕ-ਇੱਕ ਕਰਕੇ ਤੁਸੀਂ ਸਾਡੇ ਲੋਕਾਂ ਨੂੰ ਗ੍ਰਿਫਤਾਰ ਕਰ ਰਹੇ ਹੋ,ਇੱਕੋ ਵਾਰੀ ਹੀ ਗ੍ਰਿਫਤਾਰ ਕਰ ਲਿਉ । ਪਹਿਲਾਂ ਤੁਸੀਂ ਮੰਤਰੀ ਸਤੇਂਦਰ ਜੈਨ,ਡਿਪਟੀ ਸੀਐੱਮ ਮਨੀਸ਼ ਸਿਸੋਦੀਆ,ਸੰਜੇ ਸਿੰਘ ਫਿਰ ਮੈਨੂੰ ਗ੍ਰਿਫਤਾਰ ਕੀਤਾ ਹੈ । ਆਉਣ ਵਾਲੇ ਦਿਨਾਂ ਵਿੱਚ ਤੁਹਾਡੀ ਨਜ਼ਰ ਰਾਘਵ ਚੱਢਾ,ਆਤਿਸ਼ੀ ਅਤੇ ਸੌਰਵ ਭਾਰਦਵਾਜ ‘ਤੇ ਵੀ ਹੈ । ਮੈਂ ਸੋਚ ਰਿਹਾ ਸੀ ਕਿ ਇਹ ਲੋਕ ਸਾਨੂੰ ਜੇਲ੍ਹ ਵਿੱਚ ਕਿਉਂ ਪਾਉਣਾ ਚਾਹੁੰਦੇ ਹਨ,ਕਿਉਂਕਿ ਅਸੀਂ ਸਰਕਾਰੀ ਸਕੂਲ ਬਣਾਏ,ਅਸੀਂ ਚੰਗੀ ਸਿੱਖਿਆ ਅਤੇ ਮੁਹੱਲਾ ਕਲੀਨਿਕ ਬਣਾਏ ਫ੍ਰੀ ਦਵਾਈ ਦਿੱਤੀ ਇਹ ਨਹੀਂ ਕਰ ਸਕੇ ।

ਮੈਡੀਕਲ ਰਿਪੋਰਟ ਵਿੱਚ ਕੁੱਟਮਾਰ ਦੀ ਪੁਸ਼ਟੀ

ਉਧਰ ਅੱਜ ਸਵੇਰੇ ਸਵਾਤੀ ਮਾਲੀਵਾਲ ਦੀ ਮੈਡੀਕਲ ਰਿਪੋਰਟ ਵਿੱਚ ਕੁੱਟਮਾਰ ਦੀ ਪੁਸ਼ਟੀ ਹੋਣ ਤੋਂ ਬਾਅਦ ਦਿੱਲੀ ਪੁਲਿਸ ਨੇ ਕੇਜਰੀਵਾਲ ਦੇ ਪੀਏ ਬਿਭਵ ਕੁਮਾਰ ਨੂੰ ਮੁੱਖ ਮੰਤਰੀ ਦੇ ਨਿਵਾਸ ਤੋਂ ਗ੍ਰਿਫਤਾਰ ਕੀਤਾ । ਬਿਭਵ ਦੀ ਅਗਾਊ ਜ਼ਮਾਨਤ ਵੀ ਰੱਦ ਹੋ ਗਈ, ਉਧਰ ਘਟਨਾ ਨਾਲ ਜੁੜਿਆ ਦੂਜਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਸਵਾਤੀ ਮਾਲੀਵਾਲ ਘਟਨਾ ਵਾਲੇ ਦਿਨ ਮੁੱਖ ਮੰਤਰੀ ਕੇਜਰੀਵਾਲ ਦੇ ਘਰ ਤੋਂ ਬਾਹਰ ਨਿਕਲ ਦੀ ਹੋਈ ਨਜ਼ਰ ਆ ਰਹੀ ਹੈ,ਆਮ ਆਦਮੀ ਪਾਰਟੀ ਨੇ ਇਹ ਵੀਡੀਓ ਨਸ਼ਰ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਜਦੋਂ ਉਹ ਘਰ ਤੋਂ ਬਾਹਰ ਨਿਕਲੀ ਤਾਂ ਬਿਲਕੁਲ ਸਹੀ ਸੀ ਜਦਕਿ ਮੈਡੀਕਲ ਕਰਵਾਉਣ ਵੇਲੇ ਉਹ ਮੁਸ਼ਕਿਲ ਨਾਲ ਚੱਲ ਰਹੀ ਸੀ । ਉਧਰ ਕੈਬਨਿਟ ਮੰਤਰੀ ਆਤਿਸ਼ੀ ਨੇ ਵੀ ਇਸ ਪੂਰੇ ਮਾਮਲੇ ਨੂੰ ਲੈਕੇ ਵੱਡਾ ਖੁਲਾਸਾ ਕੀਤਾ ਹੈ ।

ਮਾਲੀਵਾਲ ਨੂੰ ਬਲੈਕਮੇਲ ਕੀਤਾ ਗਿਆ

ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੀ ਐੱਮਪੀ ਸਵਾਤੀ ਮਾਲੀਵਾਲ ਗੈਰ-ਕਾਨੂੰਨੀ ਭਰਤੀ ਮਾਮਲੇ ‘ਚ ਗ੍ਰਿਫਤਾਰੀ ਦਾ ਸਾਹਮਣਾ ਕਰ ਰਹੀ ਹੈ ਅਤੇ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਨੂੰ ਬਲੈਕਮੇਲ ਕੀਤਾ ਅਤੇ ਮੁੱਖ ਮੰਤਰੀ ਕੇਜਰੀਵਾਲ ਵਿਰੁਧ ਸਾਜ਼ਿਸ਼ ਦਾ ਹਿੱਸਾ ਬਣਾਇਆ। ਮਾਲੀਵਾਲ ਨੇ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ‘ਤੇ ਹਮਲਾ ਕਰਨ ਦਾ ਇਲਜ਼ਾਮ ਲਾਇਆ ਹੈ। ਦਿੱਲੀ ਸਰਕਾਰ ਦੀ ਕੈਬਨਿਟ ਮੰਤਰੀ ਆਤਿਸ਼ੀ ਨੇ ਦੋਸ਼ ਲਾਇਆ ਕਿ ਮਾਲੀਵਾਲ ਸੋਮਵਾਰ ਨੂੰ ਬਿਨਾਂ ਮਿਲਣ ਦਾ ਸਮਾਂ ਲਏ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਤੇ ਪਹੁੰਚ ਗਈ।

ਆਤਿਸ਼ੀ ਨੇ ਪੁੱਛਿਆ ਕਿ ਉਹ ਅੰਦਰ ਕਿਉਂ ਗਈ? ਉਹ ਬਿਨਾਂ ਮੁਲਾਕਾਤ ਦਾ ਸਮਾਂ ਮਿਲੇ ਬਿਨਾਂ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਕਿਉਂ ਪਹੁੰਚੀ ? ਕੇਜਰੀਵਾਲ ਦੇ ਪੀਏ ਬਿਭਵ ਕੁਮਾਰ ਨੇ ਉਨ੍ਹਾਂ ਨੂੰ ਸਿਰਫ਼ ਰੋਕਣ ਦੀ ਕੋਸ਼ਿਸ਼ ਕੀਤੀ ਸੀ । ਆਤਿਸ਼ੀ ਨੇ ਕਿਹਾ ਮਾਲੀਵਾਲ ਨੂੰ ਬੀਜੇਪੀ ਨੇ ਆਪਣੀ ਸਾਜਿਸ਼ ਦਾ ਚਹਿਰਾ ਬਣਾਇਆ ਹੈ ।