ਭਾਰਤ ਅਤੇ ਰੂਸ ਦੇ ਸਬੰਧ ਪਹਿਲਾਂ ਹੀ ਬਹੁਤ ਮਜ਼ਬੂਤ ਰਹੇ ਹਨ ਪਰ ਹੁਣ ਇਨ੍ਹਾਂ ਸਬੰਧਾਂ ਵਿੱਚ ਇੱਕ ਹੋਰ ਪਹਿਲੂ ਜੁੜਣ ਵਾਲਾ ਹੈ। ਭਾਰਤ ਅਤੇ ਰੂਸ ਵਿਚਾਲੇ ਵੱਡਾ ਸਮਝੌਤਾ ਹੋ ਸਕਦਾ ਹੈ। ਰੂਸ ਅਤੇ ਭਾਰਤ ਇਕ-ਦੂਜੇ ਦੇ ਦੇਸ਼ਾਂ ਵਿਚਾਲੇ ਨਾਗਰਿਕਾਂ ਦੀ ਆਵਾਜਾਈ ਨੂੰ ਸੌਖਾ ਬਣਾਉਣ ਲਈ ਜੂਨ ਵਿਚ ਦੁਵੱਲੇ ਸਮਝੌਤੇ ‘ਤੇ ਵਿਚਾਰ-ਵਟਾਂਦਰਾ ਸ਼ੁਰੂ ਕਰਨਗੇ। ਰੂਸ ਦੇ ਇਕ ਮੰਤਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰੂਸ ਅਤੇ ਭਾਰਤ ਸੈਰ-ਸਪਾਟੇ ਨੂੰ ਮਜ਼ਬੂਤ ਕਰਨ ਲਈ ਸਮੂਹਾਂ ਵਿਚ ਸੈਲਾਨੀਆਂ ਦੀ ਵੀਜ਼ਾ ਮੁਕਤ ਯਾਤਰਾ ‘ਤੇ ਇਕ ਸਮਝੌਤੇ ਦੇ ਨੇੜੇ ਹਨ।
ਰੂਸੀ ਨਿਊਜ਼ ਚੈਨਲ ਆਰਟੀ ਨਿਊਜ਼ ਨੇ ਰੂਸ ਦੇ ਆਰਥਿਕ ਵਿਕਾਸ ਮੰਤਰਾਲੇ ਦੇ ਬਹੁਪੱਖੀ ਆਰਥਿਕ ਸਹਿਯੋਗ ਅਤੇ ਵਿਸ਼ੇਸ਼ ਪ੍ਰਾਜੈਕਟ ਵਿਭਾਗ ਦੀ ਡਾਇਰੈਕਟਰ ਨਿਕਿਤਾ ਕੌਂਡਰਾਟੇਵ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਵਿਚ ਇਸ ਮੁੱਦੇ ‘ਤੇ ਪ੍ਰਗਤੀ ਹੋਈ ਹੈ। ਮੰਤਰੀ ਨੇ ਕਜ਼ਾਨ ‘ਚ ਅੰਤਰਰਾਸ਼ਟਰੀ ਆਰਥਿਕ ਫੋਰਮ ‘ਰੂਸ-ਇਸਲਾਮਿਕ ਵਰਲਡ: ਕਜ਼ਾਨ ਫੋਰਮ 2024’ ਦੇ ਮੌਕੇ ‘ਤੇ ਕਿਹਾ ਕਿ ਸਮਝੌਤੇ ਦੇ ਖਰੜੇ ‘ਤੇ ਜੂਨ ‘ਚ ਚਰਚਾ ਹੋਵੇਗੀ ਅਤੇ ਇਸ ‘ਤੇ ਸਾਲ ਦੇ ਅੰਤ ਤਕ ਹਸਤਾਖਰ ਹੋਣ ਦੀ ਉਮੀਦ ਹੈ।
ਮੰਤਰੀ ਨੇ ਕਿਹਾ, “ਰੂਸ ਅਤੇ ਭਾਰਤ ਅਪਣੇ ਸੈਰ-ਸਪਾਟਾ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਉਤਸੁਕ ਹਨ ਕਿਉਂਕਿ ਉਹ ਵੀਜ਼ਾ ਮੁਕਤ ਸਮੂਹ ਸੈਰ-ਸਪਾਟਾ ਅਦਾਨ-ਪ੍ਰਦਾਨ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹਨ। ਸਾਲ ਦੇ ਅੰਤ ਤਕ ਦੁਵੱਲੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਉਦੇਸ਼ ਨਾਲ ਦੋਵਾਂ ਦੇਸ਼ਾਂ ਵਿਚਾਲੇ ਸਲਾਹ-ਮਸ਼ਵਰੇ ਦਾ ਪਹਿਲਾ ਦੌਰ ਜੂਨ ਵਿਚ ਹੋਵੇਗਾ। ’’
ਨਿਕਿਤਾ ਨੇ ਕਿਹਾ ਕਿ ਰੂਸ ਦੀ ਯੋਜਨਾ ਚੀਨ ਅਤੇ ਈਰਾਨ ਨਾਲ ਪਹਿਲਾਂ ਹੀ ਹਸਤਾਖਰ ਕੀਤੇ ਗਏ ਸਮਝੌਤਿਆਂ ਨੂੰ ਭਾਰਤ ਨਾਲ ਦੁਹਰਾਉਣ ਦੀ ਹੈ। ਰੂਸ ਅਤੇ ਚੀਨ ਨੇ ਪਿਛਲੇ ਸਾਲ 1 ਅਗਸਤ ਨੂੰ ਵੀਜ਼ਾ ਮੁਕਤ ਸਮੂਹ ਸੈਰ-ਸਪਾਟਾ ਐਕਸਚੇਂਜ ਦੀ ਸ਼ੁਰੂਆਤ ਕੀਤੀ ਸੀ। ਉਸੇ ਦਿਨ, ਰੂਸ ਨੇ ਨਵੇਂ ਯੁੱਗ ਦੇ ਸੈਰ-ਸਪਾਟਾ ਸਹਿਯੋਗ ਨੂੰ ਉਤਸ਼ਾਹਤ ਕਰਨ ਲਈ ਈਰਾਨ ਨਾਲ ਇਕ ਅਜਿਹੇ ਹੀ ਸਮਝੌਤੇ ‘ਤੇ ਦਸਤਖਤ ਕੀਤੇ।
ਇਹ ਵੀ ਪੜ੍ਹੋ – ਇਟਲੀ ਦੇ ਕਈ ਸੂਬਿਆਂ ’ਚ ਭਾਰੀ ਮੀਂਹ ਨਾਲ ਹੜ੍ਹਾਂ ਵਰਗੀ ਨੌਬਤ ਆਈ