ਸੰਗਰੂਰ : ਲੋਕ ਸਭਾ ਹਲਕਾ (Lok Sabha Constituency ) ਸੰਗਰੂਰ ਤੋਂ ਆਮ ਆਦਮੀ ਪਾਰਟੀ ( AAP ) ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ( meet hayer) ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦਾ ਬਰਨਾਲਾ ਦੇ ਪਿੰਡ ਹਮੀਦੀ ਵਿੱਚ ਲੋਕਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ। ਜਿਵੇਂ ਹੀ ਮੰਤਰੀ ਮੀਤ ਹੇਅਰ ਅਤੇ ਵਿਧਾਇਕ ਪੰਡੋਰੀ ਪਿੰਡ ਪਹੁੰਚੇ ਤਾਂ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਨੌਜਵਾਨ ਕਾਲੇ ਝੰਡੇ, ਪੱਗਾਂ ਅਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਉੱਥੇ ਪਹੁੰਚ ਗਏ।
ਲੋਕਾਂ ਦੇ ਰੋਸ ਨੂੰ ਦੇਖਦਿਆਂ ਪੁਲੀਸ ਪ੍ਰਸ਼ਾਸਨ ਨੇ ਗੁਰਮੀਤ ਸਿੰਘ ਮੀਤ ਹੇਅਰ ਅਤੇ ਕੁਲਵੰਤ ਸਿੰਘ ਪੰਡੋਰੀ ਦੇ ਕਾਫ਼ਲੇ ਨੂੰ ਕੁਝ ਸਮੇਂ ਲਈ ਘਟਨਾ ਵਾਲੀ ਥਾਂ ਤੋਂ ਦੂਰ ਰੱਖਿਆ ਪਰ ਨੌਜਵਾਨ ਮੰਤਰੀ ਸਵਾਲਾਂ ਦੇ ਜਵਾਬ ਦੇਣ ‘ਤੇ ਅੜੇ ਰਹੇ।
ਮੀਤ ਹੇਅਰ ਅਤੇ ਕੁਲਵੰਤ ਸਿੰਘ ਪੰਡੋਰੀ ਸਮਾਗਮ ਵਾਲੀ ਥਾਂ ‘ਤੇ ਪੁੱਜੇ ਤਾਂ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਓਮਨਦੀਪ ਸਿੰਘ ਖਾਲਸਾ ਨੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਬਣਾਉਣ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਯਾਦ ਕਰਵਾਏ।
ਉਨ੍ਹਾਂ ਕਿਹਾ ਕਿ ਸਰਕਾਰ ਬਣਾਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ, ਜਿਨ੍ਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼, ਚਾਰ ਹਫ਼ਤਿਆਂ ਵਿੱਚ ਨਸ਼ਾ ਬੰਦ ਕਰਨਾ, ਕਾਲੇ ਧਨ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਜੇਲ੍ਹ ਭੇਜਣਾ ਸ਼ਾਮਲ ਹੈ। ਪਰ ਸਰਕਾਰ ਬਣਦਿਆਂ ਹੀ ਸਾਰੇ ਚੋਣ ਵਾਅਦੇ ਭੁੱਲ ਗਏ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅੱਜ ਵੀ ਚਿੱਟਾ ਨਸ਼ਾ ਵਿਕ ਰਿਹਾ ਹੈ। ਨਸ਼ਾ ਤਸਕਰਾਂ ਦੀ ਥਾਂ ਨਸ਼ਿਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਪੈਂਫਲੇਟ ਦਿੱਤੇ ਜਾ ਰਹੇ ਹਨ।
ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਸਿਰਫ਼ ਦੋ ਸਾਲਾਂ ਵਿੱਚ ਬਹੁਤ ਕੁਝ ਕੀਤਾ ਹੈ। ਸਰਕਾਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਵਿਕਾਸ ਕਾਰਜਾਂ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਅਜੇ ਤਿੰਨ ਸਾਲ ਬਾਕੀ ਹਨ, ਜਨਤਾ ਨਾਲ ਕੀਤੇ ਵਾਅਦੇ ਇਕ-ਇਕ ਕਰਕੇ ਪੂਰੇ ਕੀਤੇ ਜਾਣਗੇ। ਇਸ ਤੋਂ ਬਾਅਦ ਜਦੋਂ ਮੀਤ ਹੇਅਰ ਅਤੇ ਵਿਧਾਇਕ ਪੰਡੋਰੀ ਦਾ ਕਾਫ਼ਲਾ ਅਗਲੇ ਪਿੰਡ ਲਈ ਰਵਾਨਾ ਹੋਣ ਲੱਗਾ ਤਾਂ ਲੋਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ – ਰਵੀਕਰਨ ਸਿੰਘ ਕਾਹਲੋਂ ਅਕਾਲੀ ਦਲ ‘ਚੋਂ ਬਰਖ਼ਾਸਤ, ਪਾਰਟੀ ਵਿਰੋਧੀ ਗਤੀਵਿਧੀਆਂ ਦੇ ਲੱਗੇ ਇਲਜ਼ਾਮ