ਬਿਉਰੋ ਰਿਪੋਰਟ – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੀ ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤਾ ਹੈ। ਪਾਰਟੀ ਦੇ ਉਮੀਦਵਾਰ ਹਰਪਾਲ ਸਿੰਘ ਬਲੇਰ ਨੇ ਨਾਮਜ਼ਦਗੀਆਂ ਦੇ ਅਖੀਰਲੇ ਦਿਨ ਪਰਚਾ ਭਰਿਆ ਹੈ। ਅੰਮ੍ਰਿਤਪਾਲ ਸਿੰਘ ਦੇ ਉਮੀਦਵਾਰ ਬਣਨ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੇ ਆਪਣਾ ਉਮੀਦਵਾਰ ਨਾ ਉਤਾਰਨ ਦਾ ਫੈਸਲਾ ਲਿਆ ਸੀ ਪਰ ਨਾਲ ਹੀ ਇੱਕ ਸ਼ਰਤ ਵੀ ਰੱਖੀ ਸੀ।
ਸਿਮਰਜੀਤ ਸਿੰਘ ਮਾਨ ਨੇ ਕਿਹਾ ਸੀ ਕਿ ਸਾਡਾ ਉਮੀਦਵਾਰ ਪਰਚਾ ਜ਼ਰੂਰ ਭਰੇਗਾ, ਕਿਉਂਕਿ ਹੋ ਸਕਦਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਨਾਮਜ਼ਦਗੀ ਕਿਸੇ ਸ਼ਰਾਰਤ ਦੀ ਵਜ੍ਹਾ ਕਰਕੇ ਰੱਦ ਕਰ ਦਿੱਤੀ ਜਾਵੇ, ਅਜਿਹੇ ਵਿੱਚ ਮੈਦਾਨ ਵਿੱਚ ਲੜਨ ਵਾਲਾ ਕੋਈ ਪੰਥਕ ਉਮੀਦਵਾਰ ਹੋਣਾ ਚਾਹੀਦਾ ਹੈ। ਮਾਨ ਨੇ ਵਾਅਦਾ ਕੀਤਾ ਸੀ ਕਿ ਜੇਕਰ ਅੰਮ੍ਰਿਤਪਾਲ ਸਿੰਘ ਦੀ ਨਾਮਜ਼ਦਗੀ ਮਨਜ਼ੂਰ ਹੋ ਜਾਂਦੀ ਹੈ ਤਾਂ ਅਸੀਂ ਆਪਣੇ ਉਮੀਦਵਾਰ ਨੂੰ ਹਟਾ ਲਵਾਂਗੇ ।
ਅੰਮ੍ਰਿਤਪਾਲ ਸਿੰਘ ਦੇ ਨਾਮਜ਼ਦਗੀ ਪੱਤਰ ਵਿੱਚ ਕਵਰਿੰਗ ਕੈਡੀਡੇਟ ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਹਨ। ਯਾਨੀ ਜੇਕਰ ਅੰਮ੍ਰਿਤਪਾਲ ਦੀ ਨਾਮਜ਼ਦਗੀ ਰੱਦ ਹੁੰਦੀ ਹੈ ਤਾਂ ਉਨ੍ਹਾਂ ਦੇ ਪਿਤਾ ਦੇ ਕਾਗਜ਼ ਠੀਕ ਹੁੰਦੇ ਹਨ ਤਾਂ ਉਹ ਉਮੀਦਵਾਰ ਬਣ ਜਾਣਗੇ। ਪਰ ਵੱਡਾ ਸਵਾਲ ਇਹ ਹੈ ਕਿ ਜੇਕਰ ਪਿਤਾ ਉਮੀਦਵਾਰ ਵਜੋਂ ਦਾਅਵੇਦਾਰੀ ਪੇਸ਼ ਕਰਨਗੇ ਤਾਂ ਕਿ ਸਿਮਰਨਜੀਤ ਸਿੰਘ ਮਾਨ ਆਪਣਾ ਉਮੀਦਵਾਰ ਖੜਾ ਕਰਨਗੇ ਜਾਂ ਫਿਰ ਪਿਤਾ ਤਰਸੇਮ ਸਿੰਘ ਨੂੰ ਹਮਾਇਤ ਦੇਣਗੇ।
ਕੱਲ 15 ਮਈ ਨੂੰ ਨਾਮਜ਼ਦਗੀਆਂ ਦੀ ਛਟਣੀ ਹੋਵੇਗੀ, ਉਮੀਦਵਾਰਾਂ ਦੇ ਨਾਂ ਵਾਪਸ ਲੈਣ ਦੀ ਅਖੀਰਲੀ ਤਰੀਕ 17 ਮਈ ਹੈ। ਯਾਨੀ ਕੱਲ੍ਹ ਤੋਂ ਬਾਅਦ ਬਹੁਤ ਕੁਝ ਸਾਫ ਹੋ ਜਾਵੇਗਾ। ਖਡੂਰ ਸਾਹਿਬ ਦੀ ਹਾਈ ਪ੍ਰੋਫਾਈਲ ਸੀਟ ‘ਤੇ ਇਸ ਵਾਰ ਗਹਿਗੱਚ ਮੁਕਾਬਲਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਦਾਅਵੇਦਾਰੀ ਪੇਸ਼ ਕਰ ਰਹੇ ਹਨ, ਜਦਕਿ ‘ਆਪ’ ਵੱਲੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਬੀਜੇਪੀ ਵੱਲੋਂ ਮਨਜੀਤ ਸਿੰਘ ਮੰਨਾ ਅਤੇ ਕਾਂਗਰਸ ਵੱਲੋਂ ਕੁਲਬੀਰ ਜੀਰਾ ਉਮੀਦਵਾਰ ਹਨ।
ਇਹ ਵੀ ਪੜ੍ਹੋ- ਬਾਬਾ ਬਲਵਿੰਦਰ ਸਿੰਘ ਦੇ ਕਤਲ ਮਾਮਲੇ ‘ਚ ਪੁਲਿਸ ਨੂੰ ਮਿਲੀ ਸਫਲਤਾ, ਕਾਤਲ ਕਾਬੂ