India Punjab

UPSC ਦੀ ਤਿਆਰੀ ਕਰ ਰਹੇ ਨੌਜਵਾਨ ਨੂੰ ਪੰਜਾਬ ਪੁਲਿਸ ਨੇ ਬਣਾਇਆ ਨਸ਼ਾ ਤਸਕਰ! 11 ਮੁਲਾਜ਼ਮਾਂ ’ਤੇ ਕੇਸ ਦਰਜ

Punjab Police

ਲੁਧਿਆਣਾ ਤੋਂ ਇੱਕ ਬੇਹੱਦ ਖ਼ੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ ਜੋ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜੇ ਕਰ ਰਿਹਾ ਹੈ। ਇੱਥੇ ਪੰਜਾਬ ਪੁਲਿਸ ਦੀ ਵਜ੍ਹਾ ਕਰਕੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਤਿਆਰੀ ਕਰ ਰਹੇ ਇੱਕ ਆਮ ਸੂਝਵਾਨ ਨੌਜਵਾਨ ਦੇ ਆਚਰਨ ’ਤੇ ਨਸ਼ਾ ਤਸਕਰੀ ਦਾ ਧੱਬਾ ਲੱਗ ਗਿਆ ਹੈ। ਲੜਕੇ ਦੇ ਪਿਤਾ ਨੂੰ ਆਪਣੇ ਪੁੱਤਰ ਦੀ ਰਿਹਾਈ ਲਈ ਬੜਾ ਖੱਜਲ-ਖੁਆਰ ਹੋਣਾ ਪਿਆ।

ਨੌਜਵਾਨ ਦੇ ਪਿਤਾ ਪ੍ਰੇਮਾ ਰਾਮ ਨੇ ਪੁਲਿਸ ਦੀ ਧੱਕੇਸ਼ਾਹੀ ਖ਼ਿਲਾਫ਼ ਅਦਾਲਤ ਤਕ ਪਹੁੰਚ ਕਰਕੇ ਦਰਖ਼ਾਸਤ ਦਿੱਤੀ ਹੈ। ਇਸ ਤੋਂ ਬਾਅਦ ਅਦਾਲਤ ਨੇ ਰਾਜਸਥਾਨ ਦੇ ਇੱਕ ਵਿਅਕਤੀ ਸਣੇ ਕੁੱਲ੍ਹ 11 ਪੁਲਿਸ ਮੁਲਾਜ਼ਮਾਂ ’ਤੇ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਦੇ ਖ਼ਿਲਾਫ਼ 363, 365, 384, 385, 167, 193, 195, 201, 204, 445, 471, 234-ਬੀ ਧਾਰਾਵਾਂ ਲਾਈਆਂ ਗਈਆਂ ਹਨ।

ਪ੍ਰੇਮਾ ਰਾਮ ਦੇ ਬਿਆਨਾਂ ’ਤੇ ਰਾਜਸਥਾਨ ਦੇ ਥਾਣਾ ਝੰਵਰ ’ਚ ਇੰਦਰਜੀਤ, ਸ਼ੁਬੇਗ ਸਿੰਘ ASI, ਮਨਜਿੰਦਰ ਸਿੰਘ, ਗੁਰਪਿੰਦਰ ਸਿੰਘ, ਸੁਖਦੀਪ ਸਿੰਘ, ਬਸੰਤ ਲਾਲ, ਧਨਵੰਤ ਸਿੰਘ, ਹਰਪ੍ਰੀਤ ਕੌਰ, ਸਤਨਾਮ ਸਿੰਘ ਸਬ-ਇੰਸਪੈਕਟਰ ਤੇ ਰਾਜ ਕੁਮਾਰ ਐੱਸ. ਮੁਲਾਜ਼ਮਾਂ ਦੇ ਨਾਂ ਨਾਮਜ਼ਦ ਕੀਤੇ ਗਏ ਗਏ ਹਨ।

ਥਾਣਾ ਝੰਵਰ ਦੇ SHO ਮਾਲਾਰਾਮ ਦੱਸਦੇ ਹਨ ਕਿ ਇਸ ਮਾਮਲੇ ਦੀ ਤਸੱਲੀ ਨਾਲ ਜਾਂਚ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਮੁਤਾਬਕ ਜਾਂਚ ਪਿੱਛੋਂ ਕਾਰਵਾਈ ਕੀਤੀ ਜਾਵੇਗੀ।

ਕੀ ਹੈ ਪੂਰਾ ਮਾਮਲਾ?

ਦਰਅਸਲ 8 ਮਾਰਚ ਨੂੰ CIA2 ਪੁਲਿਸ ਨੇ ਨੌਜਵਾਨ ਮਨਵੀਰ ਵਾਸੀ ਜੋਧਪੁਰ ਦੀ GT ਰੋਡ ਡਾਬਾ ਰੋਡ ਨੇੜੇ ਚੈਕਿੰਗ ਕੀਤੀ ਸੀ। ਉਹ ਪੈਦਲ ਕਿਤੇ ਜਾ ਰਿਹਾ ਸੀ। ਇਸ ਦੌਰਾਨ ਪੁਲਿਸ ਵੱਲੋਂ ਮਨਵੀਰ ’ਤੇ 2 ਕਿੱਲੋ ਅਫ਼ੀਮ ਫੜੇ ਜਾਣ ਦਾ ਕਥਿਤ ਇਲਜ਼ਾਮ ਲਾਇਆ ਗਿਆ। ਪੁਲਿਸ ਨੇ ਇਹ ਦਾਅਵਾ ਕਰਦਿਆਂ ਮਨਵੀਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ। ਇਸ ਮਗਰੋਂ ਪੁਲਿਸ ਨੇ ਬਕਾਇਦਾ ਪ੍ਰੈਸ ਕਾਨਫਰੰਸ ਵੀ ਕੀਤੀ।

ਉੱਧਰ ਮਨਵੀਰ ਦੇ ਪਿਤਾ ਪ੍ਰੇਮਾ ਰਾਮ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਜੈਪੁਰ ਵਿੱਚ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ ਤੇ ਪਿਛਲੇ 3 ਸਾਲਾਂ ਤੋਂ ਇਸ ਦੀ ਪੜ੍ਹਾਈ ਕਰਦਾ ਹੈ। ਉਨ੍ਹਾਂ ਕਿਹਾ ਕਿ ਘਟਨਾ ਵਾਲੇ ਦਿਨ ਮਨਵੀਰ ਆਪਣੇ ਭਰਾ ਨਾਲ ਸੀ। ਕਰੀਬ ਅੱਧੇ ਘੰਟੇ ਤਕ ਮਨਵੀਰ ਉਨ੍ਹਾਂ ਦੇ ਭਤੀਜੇ ਤੋਂ ਵੱਖ ਰਿਹਾ ਤੇ ਉਸ ਤੋਂ ਬਾਅਦ ਉਸ ਬਾਰੇ ਕੁਝ ਪਤਾ ਨਹੀਂ ਲੱਗਾ। ਜਦੋਂ ਕਾਫੀ ਸਮੇਂ ਬਾਅਦ ਵੀ ਉਸ ਦਾ ਕੁਝ ਪਤਾ ਨਹੀਂ ਲੱਗਾ ਤਾਂ ਪਰਿਵਾਰ ਨੇ ਉਸ ਦੇ ਗੁੰਮਸ਼ੁਦਾ ਹੋਣ ਦਾ ਮਾਮਲਾ ਦਰਜ ਕਰਵਾਇਆ। ਪਰ ਰਾਜਸਥਾਨ ਪੁਲਿਸ ਨੇ ਇਸ ਮਾਮਲੇ ਬਾਰੇ ਕੋਈ ਕਾਰਵਾਈ ਨਹੀਂ ਕੀਤੀ।

ਪਿਤਾ ਨੇ ਬਿਆਨ ਦਿੱਤਾ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਲਾਪਤਾ ਹੋਣ ਮਗਰੋਂ ਉਨ੍ਹਾਂ ਦੀ ਭਤੀਜੀ ਨੂੰ ਅਗਲੇ ਦਿਨ ਲੁਧਿਆਣਾ ਦੇ ਇੱਕ ਪੁਲਿਸ ਅਧਿਕਾਰੀ ਦਾ ਫ਼ੋਨ ਆਇਆ। ਲੁਧਿਆਣਾ ਪੁਲਿਸ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਕਿ ਉਹ ਮਨਵੀਰ ਬਦਲੇ ਉਨ੍ਹਾਂ ਨੂੰ 15 ਲੱਖ ਦੇਣ। ਫਿਰ ਪੁਲਿਸ ਨੇ ਫ਼ੋਨ ’ਤੇ ਦੱਸਿਆ ਕਿ ਮਨਵੀਰ ਕੋਲੋਂ 2 ਕਿੱਲੋ ਅਫ਼ੀਮ ਮਿਲੀ ਹੈ ਤੇ ਉਸ ਖ਼ਿਲਾਫ਼ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਹੈ। ਜਦੋਂ ਪਰਿਵਾਰ ਵੱਲੋਂ ਸਾਰੇ ਸਬੂਤ ਪੇਸ਼ ਕਰਕੇ ਦਾਅਵਾ ਕੀਤਾ ਗਿਆ ਕਿ ਕੇਸ ਝੂਠਾ ਹੈ ਤਾਂ ਜਾਂਚ ਅਫ਼ਸਰਾਂ ਨੇ ਆਪਣੇ ਖ਼ਰਚੇ ’ਤੇ ਮਨਵੀਰ ਦੀ ਜ਼ਮਾਨਤ ਦਾ ਭਰੋਸਾ ਦਿੱਤਾ।

ਪਿਤਾ ਨੇ ਦੱਸਿਆ ਕਿ ਉਨ੍ਹਾਂ ਕਈ ਵਾਰ ਰਾਜਸਥਾਨ ਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਜਾ ਕੇ ਦੱਸਿਆ ਹੈ ਕਿ ਉਨ੍ਹਾਂ ਦੇ ਪੁੱਤਰ ਮਨਵੀਰ ’ਤੇ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ ਪਰ ਉਨ੍ਹਾਂ ਦੀ ਕਿਸੇ ਨਾ ਸੁਣੀ। ਆਖ਼ਰ ਉਨ੍ਹਾਂ ਹਾਈਕੋਰਟ ਪਹੁੰਚ ਕੀਤੀ, ਜਿਸ ਤੋਂ ਬਾਅਦ ਪੁਲਿਸ ’ਤੇ ਮਾਮਲਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਰਾਜਸਥਾਨ ਤੋਂ ਪੰਜਾਬ ਤਕ ਸਾਰੇ ਟੋਲ ਪਲਾਜ਼ਿਆਂ ਦੀ CCTV ਰੀਲ ਅਦਾਲਤ ਵਿੱਚ ਪੇਸ਼ ਕੀਤੀ ਹੈ, ਜਿਸ ਵਿੱਚ ਮਨਵੀਰ ਪੁਲਿਸ ਦੀ ਕਾਰ ਵਿੱਚ ਨਜ਼ਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਦੇ ਕਹਿਣ ’ਤੇ ਮਾਮਲਾ ਦਰਜ ਕੀਤਾ ਗਿਆ ਸੀ, ਉਸ ਦਾ ਵੀ ਪੁਲਿਸ ਨੂੰ ਪਤਾ ਨਹੀਂ ਲੱਗ ਸਕਿਆ ਪਰ ਪੁਲਿਸ ਦੀ ਇਸ ਕਾਰਵਾਈ ਕਾਰਨ ਉਸ ਦਾ ਲੜਕਾ 10 ਮਾਰਚ ਤੋਂ ਲੁਧਿਆਣਾ ਜੇਲ੍ਹ ’ਚ ਬੰਦ ਹੈ।