ਹਰਿਆਣਾ ਵਿੱਚ ਪਾਣੀਪਤ ਦੇ ਪਿੰਡ ਉਗਰਾਖੇੜੀ ’ਚ ਇੱਕ ਆਟੋ ਚਾਲਕ ਨੇ ਆਟੋ ਪਿੱਛੇ ਕਰਦਿਆਂ 8 ਸਾਲਾ ਬੱਚੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਛੋਟੀ ਬੱਚੀ ਗੰਭੀਰ ਜ਼ਖ਼ਮੀ ਹੋ ਗਈ। ਉਸ ਦੀ ਗਰਦਨ ਤੇ ਛਾਤੀ ਉੱਤੇ ਗੰਭੀਰ ਸੱਟਾਂ ਲੱਗੀਆਂ। ਬੱਚੀ ਦੇ ਮਾਪੇ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲੈ ਕੇ ਜਾਣ ਲੱਗੇ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।
ਮੁਲਜ਼ਮ ਡਰਾਈਵਰ ਨੂੰ ਲੋਕਾਂ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਆਟੋ-ਚਾਲਕ ਦੇ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਚਾਂਦਨੀਬਾਗ ਥਾਣੇ ਨੂੰ ਦਿੱਤੀ ਸ਼ਿਕਾਇਤ ਵਿਚ ਬੱਚੀ ਦੇ ਪਿਤਾ ਪ੍ਰਮੋਦ ਨੇ ਦੱਸਿਆ ਕਿ 4 ਬੱਚਿਆਂ ਦਾ ਪਿਤਾ ਹੈ। ਜਿਸ ਵਿੱਚ ਦੋ ਪੁੱਤਰ ਅਤੇ ਦੋ ਧੀਆਂ ਹਨ। ਉਸ ਦੀ ਤੀਜੀ ਧੀ ਹਰਸ਼ਿਤਾ 11 ਮਈ ਨੂੰ ਰਾਤ ਕਰੀਬ 9.30 ਵਜੇ ਆਪਣੇ ਘਰ ਤੋਂ 100 ਮੀਟਰ ਦੀ ਦੂਰੀ ’ਤੇ ਇਕ ਦੁਕਾਨ ਤੋਂ ਸਾਮਾਨ ਖ਼ਰੀਦ ਕੇ ਵਾਪਸ ਮੁੜ ਰਹੀ ਸੀ।
ਇਸੇ ਦੌਰਾਨ ਰਸਤੇ ਵਿੱਚ ਸੈਣੀ ਚੌਪਾਲ ਨੇੜੇ ਮੁਲਜ਼ਮ ਆਟੋ ਚਾਲਕ ਗੱਡੀ ਰਿਵਰਸ ਕਰਦਿਆਂ ਉਸ ਦੀ ਧੀ ਨੂੰ ਟੱਕਰ ਮਾਰ ਗਿਆ। ਜਦੋਂ ਉਨ੍ਹਾਂ ਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਤੁਰੰਤ ਮੌਕੇ ’ਤੇ ਪਹੁੰਚੇ। ਉਨ੍ਹਾਂ ਦੀ ਧੀ ਜ਼ਖ਼ਮੀ ਹਾਲਤ ਵਿੱਚ ਪਈ ਸੀ। ਗਰਦਨ ਤੇ ਛਾਤੀ ’ਤੇ ਸੱਟਾਂ ਲੱਗੀਆਂ ਹੋਈਆਂ ਸਨ। ਉਹ ਤੁਰੰਤ ਹਰਸ਼ਿਤਾ ਨੂੰ ਹਸਪਤਾਲ ਲੈ ਕੇ ਜਾਣ ਲੱਗਾ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।