Lok Sabha Election 2024 Punjab

ਚੰਨੀ ਵਿਵਾਦ ’ਤੇ ਬੀਬੀ ਜਗੀਰ ਕੌਰ- “ਮੈਂ ਤਾਂ ਚੰਨੀ ਬਾਰੇ ਕੁੱਝ ਨਹੀਂ ਬੋਲੀ, ਨਾ ਕੋਈ ਸ਼ਿਕਾਇਤ ਕੀਤੀ, ਵੁਮੈਨ ਕਮਿਸ਼ਨ ਨੇ ਚੰਨੀ ਨੂੰ ਕਿਸ ਗੱਲ ਦਾ ਨੋਟਿਸ ਜਾਰੀ ਕੀਤਾ?”

ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਅਕਾਲ ਦਲ ਆਗੂ ਬੀਬੀ ਜਗੀਰ ਕੌਰ ਦੀ ਵਾਇਰਲ ਵੀਡੀਓ ਨੂੰ ਲੈ ਕੇ ਵਿਵਾਦ ਖੜਾ ਹੋਣ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਅੱਜ ਇਸ ਦਾ ਸਖ਼ਤ ਨੋਟਿਸ ਲੈਂਦਿਆਂ DGP ਪੰਜਾਬ ਨੂੰ ਪੱਤਰ ਲਿਖਿਆ ਹੈ ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਮਹਿਲਾ ਕਮਿਸ਼ਨ ਨੇ DGP ਨੂੰ ਕੱਲ੍ਹ ਦੁਪਹਿਰ 2 ਵਜੇ ਤੱਕ ਸਟੇਟਸ ਰਿਪੋਰਟ ਸੌਂਪਣ ਲਈ ਵੀ ਕਿਹਾ ਹੈ।

ਪਰ ਮਹਿਲਾ ਕਮਿਸ਼ਨ ਦੀ ਇਸ ਕਾਰਵਾਈ ’ਤੇ ਬੀਬੀ ਜਗੀਰ ਕੌਰ ਖ਼ੁਸ਼ ਨਜ਼ਰ ਨਹੀਂ ਆ ਰਹੇ। ਉਹ ਕਹਿ ਰਹੇ ਕਿ ਮੈਂ ਤਾਂ ਚੰਨੀ ਬਾਰੇ ਕੁੱਝ ਬੋਲੀ ਹੀ ਨਹੀਂ, ਨਾ ਹੀ ਮੈਂ ਕੋਈ ਸ਼ਿਕਾਇਤ ਕੀਤੀ ਹੈ, ਫਿਰ ਵੀ ਸਮਝ ਨਹੀਂ ਆਈ ਕਿ ਵੁਮੈਨ ਕਮਿਸ਼ਨ ਨੇ ਚੰਨੀ ਨੂੰ ਕਿਸ ਗੱਲ ਦਾ ਨੋਟਿਸ ਜਾਰੀ ਕੀਤਾ ਹੈ? ਬੀਬੀ ਨੇ ਇਹ ਵੀ ਕਿਹਾ ਕਿ ਜਿਸ ਵੀਡੀਓ ਕਲਿੱਪ ਤੇ ਵੁਮੈਨ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਹੈ, ਉਹ ਪੁਰਾਣੀ ਕਲਿੱਪ ਹੈ। ਬਾਬੂਸ਼ਾਹੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਇਹ ਬਿਆਨ ਦਿੱਤਾ ਹੈ।

ਉਨ੍ਹਾਂ ਦੇ ਇਸ ਬਿਆਨ ਤੋਂ ਸਾਫ਼ ਹੈ ਕਿ ਉਨ੍ਹਾਂ ਨੂੰ ਸਾਬਕਾ ਸੀਐਮ ਦੇ ਉਸ ਵਿਹਾਰ ਨਾਲ ਕੋਈ ਦਿੱਕਤ ਨਹੀਂ ਹੈ। ਉੱਧਰ ਚੰਨੀ ਨੇ ਵੀ ਆਪਣੇ ਬਿਆਨ ਵਿੱਚ ਕਿਹਾ ਹੈ ਕਿ, ਉਹ ਬੀਬੀ ਜਗੀਰ ਕੌਰ ਨੂੰ ਆਪਣੀ ਵੱਡੀ ਭੈਣ ਦੀ ਤਰ੍ਹਾਂ ਸਮਝਦੇ ਹਨ। ਚੰਨੀ ਅਨੁਸਾਰ ਉਨ੍ਹਾਂ ਬੀਬੀ ਦਾ ਹੱਥ ਆਪਣੇ ਮੱਥੇ ’ਤੇ ਲਾਇਆ ਅਤੇ ਆਸ਼ੀਰਵਾਦ ਲਿਆ। ਉਹ ਕਹਿ ਰਹੇ ਹਨ ਕਿ ਮੈਂ ਬੀਬੀ ਦੀ ਠੋਡੀ ਨੂੰ ਇੰਞ ਛੂਹਿਆ ਜਿਵੇਂ ਅਸੀਂ ਆਪਣੀ ਭੈਣ ਜਾਂ ਮਾਂ ਨਾਲ ਕਰਦੇ ਹਾਂ।

 

 

ਦਰਅਸਲ ਬੀਤੇ ਦਿਨੀਂ ਜਲੰਧਰ ਲੋਕ ਸਭਾ ਸੀਟ ’ਤੇ ਨਾਮਜ਼ਦਗੀ ਪੱਤਰ ਦਾਖ਼ਲ ਕਰਦਿਆਂ ਚਰਨਜੀਤ ਚੰਨੀ ਤੇ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਜਗੀਰ ਕੌਰ ਦੀ ਮੁਲਾਕਾਤ ਦੀ ਵੀਡੀਓ ਸੋਸ਼ਲ ਮੀਡਿਆ ‘ਤੇ ਕਾਫੀ ਵਾਇਰਲ ਹੋਈ ਹੈ। ਇਸ ਵੀਡੀਓ ਵਿੱਚ ਚੰਨੀ ਪਹਿਲਾਂ ਬੀਬੀ ਜਗੀਰ ਕੌਰ ਨੂੰ ਝੁਕ ਕੇ ਪ੍ਰਣਾਮ ਕਰਦੇ ਹਨ ਤੇ ਫਿਰ ਜਾਣ ਵੇਲੇ ਉਨ੍ਹਾਂ ਦੀ ਠੋਡੀ ਨੂੰ ਛੂਹ ਕੇ ਹਾਸਾ-ਠੱਠਾ ਕਰਦੇ ਹਨ।

ਸਬੰਧਿਤ ਖ਼ਬਰ – ਸਾਬਕਾ CM ਚੰਨੀ ਨਾਲ ਜੁੜੀ ਵੀਡੀਓ ਦਾ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ, ਕਾਰਵਾਈ ਦੀ ਮੰਗੀ ਸਟੇਟਸ ਰਿਪੋਰਟ