ਹਲਕਾ ਧਰਮਕੋਟ ਦੇ ਪਿੰਡ ਢੋਲੇਵਾਲਾ ਵਿੱਚ ਅੱਜ ਬੀਜੇਪੀ ਆਗੂ ਹੰਸ ਰਾਜ ਹੰਸ ਦਾ ਸਖ਼ਤ ਵਿਰੋਧ ਕੀਤਾ ਗਿਆ। ਉਨ੍ਹਾਂ ਦੇ ਪੁੱਜਣ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਸੱਦੇ ’ਤੇ ਕਿਸਾਨਾਂ ਨੇ ਡਟਵਾ ਵਿਰੋਧ ਕਰਦਿਆਂ “ਬੀਜੇਪੀ ਹਰਾਓ, ਕਾਰਪੋਰੇਟ ਭਜਾਓ ਅਤੇ ਦੇਸ਼ ਬਚਾਓ” ਦੇ ਨਾਅਰੇ ਵੀ ਲਾਏ ਗਏ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਨੇ ਦੱਸਿਆ ਕੇ ਅੱਜ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਆਪਣੇ ਸਾਥੀਆਂ ਸਮੇਤ ਹੰਸ ਰਾਜ ਹੰਸ ਦਾ ਡਟ ਕੇ ਵਿਰੋਧ ਕੀਤਾ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਵੇਰੇ 9 ਵਜੇ ਤੋਂ ਲੈ ਕੇ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਸੀ।
ਹੰਸ ਰਾਜ ਹੰਸ 12:30 ਵਜੇ ਢੋਲੇਵਾਲ ਕਿਸ਼ਨਪੁਰੀਆਂ ਦੇ ਗ੍ਰਹਿ ਵਿਖੇ ਪਹੁੰਚੇ। ਉਨ੍ਹਾਂ ਨੂੰ ਆਉਂਦਿਆਂ ਹੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪੁਲਿਸ ਨੇ ਵੀ ਰੱਸੇ ਲਾ ਕੇ ਕਿਸਾਨਾਂ ਨੂੰ ਵਿਰੋਧ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।
ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕੇ ਬੀਜੇਪੀ ਦੇ ਆਗੂਆਂ ਨੂੰ ਪਿੰਡਾਂ ਵਿੱਚ ਨਾ ਵੜਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬੀਜੇਪੀ ਕਿਸਾਨਾਂ ਦੀ ਕਾਤਲ ਜਮਾਤ ਹੈ। ਉਨ੍ਹਾਂ ਕਿਸਾਨਾਂ ਨੂੰ “ਬੀਜੇਪੀ ਹਰਾਓ, ਕਾਰਪੋਰੇਟ ਭਜਾਓ ਅਤੇ ਦੇਸ਼ ਬਚਾਓ” ਦੇ ਨਾਅਰੇ ਨੂੰ ਲਾਗੂ ਕਰਨ ਅਤੇ ਬੀਜੇਪੀ ਨੂੰ ਵੋਟ ਨਾ ਪਾਕੇ ਦੇਸ਼ ਚੋਂ ਚੱਲਦਾ ਕਰਨ ਦੀ ਵੀ ਅਪੀਲ ਕੀਤੀ ਹੈ।