ਬਿਉਰੋ ਰਿਪੋਰਟ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਰਥਿਕ ਪਰਿਸ਼ਦ ਦੀ ਸਲਾਹਕਾਰ ਦੀ ਰਿਸਰਚ ਰਿਪੋਰਟ ਨੇ ਧਾਰਮਿਕ ਅਬਾਦੀ ਨੂੰ ਲੈਕੇ ਇੱਕ ਅੰਕੜਾ ਜਾਰੀ ਕੀਤਾ ਹੈ, ਜਿਸ ਨੇ ਸਿਆਸਤ ਨੂੰ ਗਰਮਾ ਦਿੱਤਾ ਹੈ। ਰਿਪੋਰਟ ਦੇ ਮੁਤਾਬਿਕ 1950 ਤੋਂ 2015 ਵਿਚਾਲੇ ਹਿੰਦੂਆਂ ਦੀ ਅਬਾਦੀ 7.8 ਫੀਸਦੀ ਘਟੀ ਹੈ, ਜਦਕਿ ਘੱਟ ਗਿਣਤੀ ਦੀ ਅਬਾਦੀ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਸਿੱਖਾਂ ਦੀ ਅਬਾਦੀ 6.58 ਫੀਸਦੀ ਵਧੀ ਹੈ, ਜਦਕਿ ਹਿੰਦੂਆਂ ਦੀ ਅਬਾਦੀ 84 ਫੀਸਦ ਤੋਂ ਘੱਟ ਕੇ 78 ਫੀਸਦੀ ਆ ਗਏ ਹਨ। ਮੁਸਲਮਾਨਾਂ ਦੀ ਅਬਾਦੀ 43.15 ਫੀਸਦੀ ਵਧੀ ਹੈ , ਮੁਸਲਮਾਨਾਂ ਦੀ ਅਬਾਦੀ 1950 ਵਿੱਚ 9.48 ਫੀਸਦੀ ਸੀ ਜੋ ਵੱਧ ਕੇ ਹੁਣ 14.09 ਹੋ ਗਈ ਹੈ। ਇਸਾਈਆਂ ਭਾਈਚਾਰੇ ਦੀ ਅਬਾਦੀ ਵਿੱਚ ਵੀ 5.38 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਪਰ ਲੋਕ ਸਭਾ ਚੋਣਾਂ ਦੌਰਾਨ ਹਿੰਦੂਆਂ ਦੀ ਅਬਾਦੀ ਨੂੰ ਲੈਕੇ ਜਾਰੀ ਕੀਤੇ ਗਏ ਅੰਕੜੇ ‘ਤੇ ਵਿਰੋਧੀ ਧਿਰ ਸਵਾਲ ਖੜੇ ਕਰ ਰਿਹਾ ਹੈ।
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਹਿੰਦੂਆਂ ਦੀ ਅਬਾਦੀ ਨਹੀਂ ਘੱਟ ਰਹੀ ਹੈ, ਇਹ ਪ੍ਰਧਾਨ ਮੰਤਰੀ ਮੋਦੀ ਦਾ ਡਰ ਬੋਲ ਰਿਹਾ ਹੈ, ਇਸੇ ਲਈ ਉਹ ਹਿੰਦੂ-ਮੁਸਲਮਾਨ ਦੀ ਗੱਲ ਕਰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਚਾਰ ਦੌਰਾਨ ਕਈ ਵਾਰ ਹਿੰਦੂ ਭੈਣਾਂ ਦੇ ਮੰਗਲਸੂਤਰ ਖਤਰੇ ਦਾ ਬਿਆਨ ਦੇ ਚੁੱਕੇ ਹਨ। ਸਿਰਫ਼ ਇੰਨਾਂ ਹੀ ਨਹੀਂ ਮਨਮੋਹਨ ਸਿੰਘ ਦਾ ਨਾਂ ਲੈਕੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕਿਹਾ ਸੀ ਕਿ ਦੇਸ਼ ਦੇ ਵਸੀਲਿਆਂ ‘ਤੇ ਪਹਿਲਾਂ ਹੱਕ ਮੁਸਲਮਾਨ ਭਾਈਚਾਰੇ ਦਾ ਹੈ। ਜਦਕਿ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਕੇ ਨੇ ਪ੍ਰਧਾਨ ਮੰਤਰੀ ਮੋਦੀ ਕੋਲੋ ਇਸ ‘ਤੇ ਚਰਚਾ ਕਰਨ ਦਾ ਸਮਾਂ ਮੰਗਿਆ ਸੀ। ਜਿਸ ‘ਤੇ ਪ੍ਰਧਾਨ ਮੰਤਰੀ ਦਾ ਕੋਈ ਬਿਆਨ ਨਹੀਂ ਆਇਆ।
ਗੁਆਂਢੀ ਦੇਸ਼ਾ ਵਿੱਚ ਵੀ ਹਿੰਦੂਆਂ ਦੀ ਗਿਣਤੀ ਘੱਟੀ
ਰਿਪੋਰਟ ਵਿੱਚ 176 ਦੇਸ਼ਾਂ ‘ਤੇ ਰਿਸਰਚ ਕੀਤੀ ਗਈ ਹੈ। ਜਿਸ ਵਿੱਚ ਸਾਹਮਣੇ ਆਇਆ ਹੈ ਜ਼ਿਆਦਾਤਰ ਸਾਰੇ ਗੁਆਂਢੀ ਦੇਸ਼ਾ ਵਿੱਚ ਵੱਧ ਗਿਣਤੀ ਭਾਈਚਾਰੇ ਦੀ ਅਬਾਦੀ ਵਧੀ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਵਿੱਚ ਹਿੰਦੂਆਂ ਦੀ ਅਬਾਦੀ 80 ਫੀਸਦੀ ਘੱਟੀ ਹੈ, 65 ਸਾਲਾਂ ਵਿੱਚ 12 ਫੀਸਦੀ ਤੋਂ 2 ਫੀਸਦੀ ਆ ਗਈ ਹੈ। ਬੰਗਲਾਦੇਸ਼ ਵਿੱਚ ਹਿੰਦੂਆਂ ਦੀ ਅਬਾਦੀ 23 ਫੀਸਦੀ ਤੋਂ ਘੱਟ ਕੇ 8 ਫੀਸਦੀ ਰਹਿ ਗਈ ਹੈ। ਨੇਪਾਲ ਵਿੱਚ ਵੀ ਹਿੰਦੂਆਂ ਦੀ ਅਬਾਦੀ 84 ਤੋਂ ਘੱਟ ਕੇ 81 ਫੀਸਦੀ ਆ ਗਈ ਹੈ।
ਇਹ ਵੀ ਪੜ੍ਹੋ – ਦੁਸ਼ਯੰਤ ਚੌਟਾਲਾ ਦੀ ਰਾਜਪਾਲ ਨੂੰ ਚਿੱਠੀ, ਕੀਤੀ ਅਹਿਮ ਮੰਗ