Punjab

ਫਸਲ ਦਾ ਨਹੀਂ ਮਿਲ ਰਿਹਾ ਸਹੀ ਮੁੱਲ, ਕਿਸਾਨਾਂ ਨੇ ਸ਼ਿਮਲਾ ਮਿਰਚ ਦੀ ਫਸਲ ਵਾਹੀ

ਬਿਉਰੋ ਰਿਪੋਰਟ – ਪੰਜਾਬ ਵਿੱਚ ਕਿਸਾਨਾਂ ਨੂੰ ਕਣਕ ਝੋਨੇ ਦੇ ਗੇੜ ਵਿੱਚੋਂ ਕੱਢਣ ਲਈ ਸਰਕਾਰ ਵੱਲੋਂ ਬਦਲਵੀਆਂ ਫਸਲਾਂ ਬੀਜਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਕਿਸਾਨ ਜਦੋਂ ਬਦਲਵੀ ਫਸਲ ਬੀਜਦਾ ਹੈ ਤਾਂ ਉਸ ਨੂੰ ਉਸਦਾ ਸਹੀ ਭਾਅ ਨਹੀਂ ਮਿਲਦਾ। ਇਸ ਦੀ ਤਾਜ਼ਾ ਮਿਸਾਲ ਮਾਨਸਾ ਦੇ ਪਿੰਡ ਭੈਣੀ ਬਾਘਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿਸਾਨਾਂ ਨੇ ਆਪਣੀ ਸ਼ਿਮਲਾ ਮਿਰਚ ਦੀ ਫਸਲ ਨੂੰ ਵਾਹ ਦਿੱਤਾ ਹੈ। ਕਿਸਾਨਾਂ ਨੇ ਕਿਹਾ ਕਿ ਸ਼ਿਮਲਾ ਮਿਰਚ ਦਾ ਸਹੀ ਭਾਅ ਨਾਂ ਮਿਲਣ ਕਾਰਨ ਮਜ਼ਬੂਰਨ ਆਪਣੀ ਫਸਲ ਨੂੰ ਵਾਉਣਾ ਪੈ ਰਿਹਾ ਹੈ।

ਕਿਸਾਨ ਰਾਜ ਸਿੰਘ ਨੇ ਕਿਹਾ ਕਿ ਸ਼ਿਮਲਾ ਮਿਰਚ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਹੈ, ਜਿਸ ਕਰਕੇ ਉਸ ਨੇ ਆਪਣੀ ਡੇਢ ਕਿਲੇ ਦੀ ਫਸਲ ਨੂੰ ਵਾਹ ਦਿੱਤੀ ਹੈ।

ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਥੇਬੰਦੀ ਦੇ ਆਗੂ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਠੇਕੇ ‘ਤੇ ਜਮੀਨ ਲੈ ਕੇ ਸ਼ਿਮਲਾ ਮਿਰਚ ਬੀਜੀ ਹੋਈ ਸੀ ਪਰ ਉਸ ਦਾ ਸਹੀ ਭਾਅ ਨਹੀਂ ਮਿਲ ਰਿਹਾ, ਜਿਸ ਕਾਰਨ ਕਈ ਕਿਸਾਨਾਂ ਵੱਲੋਂ ਆਪਣੀ ਫਸਲ ਨੂੰ ਵਾਹ ਦਿੱਤਾ ਗਿਆ ਹੈ। ਜਥੇਬੰਦੀ ਦੇ ਆਗੂ ਨੇ ਗੱਲ ਕਰਦਿਆਂ ਕਿਹਾ ਕਿ ਸ਼ਿਮਲਾ ਮਿਰਚ ਦਾ ਰੇਟ ਸਿਰਫ਼ 3 ਰੁਪਏ ਹੀ ਮਿਲ ਰਿਹਾ ਹੈ, ਜਦਕਿ ਮਿਰਚ ਨੂੰ ਪੈਕ ਕਰਨ ਵਾਲਾ ਲਿਫਾਫਾ 5 ਰਪਏ ਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਾਰ-ਵਾਰ ਫਸਲੀ ਵਿਭਿੰਨਤਾ ਲਿਆਉਣ ਦੀ ਮੰਗ ਕਰਦੀ ਹੈ ਪਰ ਕਿਸਾਨਾਂ ਨੂੰ ਬਦਲਵੀਆਂ ਫਸਲਾਂ ਦਾ ਸਹੀ ਰੇਟ ਨਹੀਂ ਦਿੱਤਾ ਜਾ ਰਿਹਾ।

ਉਨ੍ਹਾ ਕਿਹਾ ਕਿ ਸਰਕਾਰ ਨੂੰ ਹਰ ਫਸਲ ਉੱਤੇ ਐਮਐਸਪੀ (MSP) ਦੇਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਫਸਲਾਂ ਤੋਂ ਲੈ ਕੇ ਸਬਜ਼ੀਆਂ ਦਾ ਮੰਡੀ ਕਰਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕਿਸਾਨ ਸੜਕਾਂ ਤੇ ਉਤਰਨਗੇ।

ਇਹ ਵੀ ਪੜ੍ਹੋ- ਭਾਰਤ ‘ਚ ਹਿੰਦੂਆਂ ਦੀ ਅਬਾਦੀ ਘਟੀ! ਪਰ ਸਿੱਖਾਂ ਦੀ ਅਬਾਦੀ ਵਿੱਚ ਜ਼ਬਰਦਸਤ ਵਾਧਾ!