ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – 2009 ਵਿੱਚ ਲੋਕਸਭਾ ਦੀ ਜਦੋਂ ਨਵੇਂ ਸਿਰੇ ਤੋਂ ਹੱਦਬੰਦੀ ਕੀਤੀ ਗਈ ਤਾਂ ਖਡੂਰ ਸਾਹਿਬ ਲੋਕਸਭਾ ਹਲਕਾ ਹੋਂਦ ਵਿੱਚ ਆਇਆ। ਇਸ ਤੋਂ ਪਹਿਲਾਂ ਇਸ ਨੂੰ ਤਰਨ ਤਾਰਨ ਲੋਕ ਸਭਾ ਹਲਕੇ ਵਜੋਂ ਜਾਣਿਆ ਜਾਂਦਾ ਸੀ। ਖਡੂਰ ਸਾਹਿਬ ਲੋਕ ਸਭਾ ਹਲਕਾ ਮਾਝੇ ਵਿੱਚ ਆਉਣ ਵਾਲੇ ਤਿੰਨ ਹਲਕਿਆਂ ਵਿੱਚੋ ਇੱਕ ਹੈ। ਪਾਕਿਸਤਾਨ ਦੀ ਸਰਹੱਦ ਵੀ ਇਸ ਦੇ ਨਾਲ ਹੀ ਲੱਗਦੀ ਹੈ, ਇਸ ਲਈ ਬਾਰਡਰ ‘ਤੇ ਹੋਣ ਵਾਲੀ ਹਰ ਸਿਆਸੀ ਹਰਕਤ ਦਾ ਅਸਰ ਇਸ ‘ਤੇ ਪੈਂਦਾ ਹੈ। ਮਾਝੇ ਦੀ ਇਸ ਸੀਟ ਵਿੱਚ ਭਾਵੇਂ 2009 ਦੀ ਹੱਦਬੰਦੀ ਤੋਂ ਬਾਅਦ ਕੁਝ ਹਲਕੇ ਜੋੜੇ ਗਏ ਅਤੇ ਕੁਝ ਕੱਢੇ ਗਏ ਪਰ ਇਸ ਦਾ ਪੰਥਕ ਸੀਟ ਦਾ ਟੈਗ ਉਸੇ ਤਰ੍ਹਾਂ ਬਰਕਾਰ ਹੈ।
ਆਖਿਰ ਕਿਉਂ ਖਡੂਰ ਸਾਹਿਬ ਹਲਕੇ ਨੂੰ ਪੰਥਕ ਸੀਟ ਕਿਹਾ ਜਾਂਦਾ ਹੈ? ਇੱਥੋਂ ਦੇ ਲੋਕਾਂ ਦਾ ਕੇਂਦਰ ਵਿੱਚ ਸਰਕਾਰ ਚੁਣਨ ਦਾ ਨਜ਼ਰੀਆ ਕੀ ਹੈ? ਹੁਣ ਤੱਕ ਕਿਹੜੀਆਂ ਪਾਰਟੀਆਂ ਦਾ ਇਹ ਗੜ੍ਹ ਰਿਹਾ ਹੈ? ਖਡੂਰ ਸਾਹਿਬ ਸੀਟ ’ਤੇ ਪਾਟਰੀ ਦਾ ਨਿਸ਼ਾਨ ਅਹਿਮ ਹੈ ਜਾਂ ਉਮੀਦਵਾਰਾਂ ਦਾ ਚਿਹਰਾ? 2024 ਵਿੱਚ ਕਿਸ ਪਾਰਟੀ ਦਾ ਹੱਥ ਉੱਤੇ ਹੈ? ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਅਸੀਂ ਸਿਲਸਿਲੇਵਾਰ ਤਲਾਸ਼ਦੇ ਹੋਏ ਤੁਹਾਡੇ ਸਾਹਮਣੇ ਇੱਕ ਨਿਰਪੱਖ ਅਤੇ ਸਟੀਕ ਜਿੱਤ-ਹਾਰ ਦੇ ਸੰਕੇਤ ਦੇਣ ਦੀ ਕੋਸ਼ਿਸ਼ ਕਰਾਂਗੇ।
ਅਕਾਲੀ ਦਲ ਦਾ ਗੜ੍ਹ ਹੈ ਖਡੂਰ ਸਾਹਿਬ ਦੀ ਸੀਟ
ਅਜ਼ਾਦੀ ਦੀ ਪਹਿਲੀ ਚੋਣ ਦੇ ਨਾਲ ਹੀ ਤਰਨ ਤਾਰਨ ਹਲਕਾ ਜੋ ਹੁਣ ਖਡੂਰ ਸਾਹਿਬ ਹੈ, ਹੋਂਦ ਵਿੱਚ ਆਇਆ। ਪਿਛਲੀਆਂ 17 ਚੋਣਾਂ ਵਿੱਚ ਕਾਂਗਰਸ ਨੇ 6 ਵਾਰ ਜਿੱਤ ਹਾਸਲ ਕੀਤੀ ਜਦਕਿ ਅਕਾਲੀ ਦਲ ਨੇ 9 ਵਾਰ ਇਸ ਹਲਕੇ ਤੋਂ ਚੋਣ ਜਿੱਤੀ ਹੈ। ਇੱਕ ਵਾਰ 1989 ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ 89 ਫੀਸਦੀ ਵੋਟ ਸ਼ੇਅਰ ਨਾਲ 5 ਲੱਖ 27 ਹਜ਼ਾਰ 707 ਵੋਟਾਂ ਹਾਸਲ ਕਰਕੇ ਤਰਨ ਤਾਰਨ ਤੋਂ ਰਿਕਾਰਡ ਮਾਰਜਨ ਨਾਲ ਜਿੱਤ ਹਾਸਲ ਕੀਤੀ ਸੀ ਜਿਸ ਨੂੰ ਹੁਣ ਤੱਕ ਕੋਈ ਨਹੀਂ ਤੋੜ ਪਾਇਆ। ਦੂਜੇ ਨੰਬਰ ‘ਤੇ ਕਾਂਗਰਸ ਦੇ ਉਮੀਦਵਾਰ ਨੂੰ ਸਿਰਫ਼ 47, 290 ਵੋਟਾਂ ਹੀ ਮਿਲੀਆਂ ਸਨ। ਸਿਰਫ ਇੰਨਾਂ ਹੀ ਨਹੀਂ 1997 ਤੋਂ ਲੈਕੇ 2014 ਤੱਕ ਅਕਾਲੀ ਦਲ ਨੇ ਇਸ ਹਲਕੇ ਤੋਂ ਲਗਾਤਾਰ 6 ਵਾਰ ਚੋਣ ਜਿੱਤੀ ਉਮੀਦਵਾਰ ਬਦਲ ਦੇ ਰਹੇ ਪਰ ਮੋਹਰ ਸਿਰਫ਼ ਅਕਾਲੀ ਦਲ ਦੇ ਨਿਸ਼ਾਨ ‘ਤੇ ਲੱਗੀ।
ਇਹ ਇੱਕ ਇਕੱਲੀ ਸੀਟ ਹੈ ਜਿੱਥੋਂ ਅਕਾਲੀ ਦਲ ਬੀਜੇਪੀ ਤੋਂ ਬਿਨਾਂ ਆਪਣੇ ਦਮ ’ਤੇ ਚੋਣ ਜਿੱਤਣ ਦੀ ਕਾਬਲੀਅਤ ਰੱਖਦਾ ਹੈ। 1977, 80 ਅਤੇ 1985 ਦੀ ਲੋਕਸਭਾ ਚੋਣ ਜਿੱਤ ਕੇ ਅਕਾਲੀ ਦਲ ਨੇ ਇਹ ਸਾਬਿਤ ਵੀ ਕੀਤਾ ਹੈ। ਇਹ ਉਹ ਸਮਾਂ ਸੀ ਜਦੋਂ ਪੂਰੇ ਦੇਸ਼ ਵਿੱਚ ਕਾਂਗਰਸ ਦੀ ਹੂੰਝਾ ਫੇਰ ਜਿੱਤ ਹੋਈ ਸੀ ਪਰ ਅਕਾਲੀ ਦਲ ਦਾ ਝੰਡਾ ਬੁਲੰਦ ਹੋਇਆ ਸੀ। ਇਹ ਸਾਰੇ ਅੰਕੜਿਆਂ ਨੂੰ ਤੱਕ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਆਖਿਰ ਇਸ ਨੂੰ ਪੰਥਕ ਸੀਟ ਕਿਉਂ ਕਿਹਾ ਜਾਂਦਾ ਹੈ ਅਤੇ ਅਕਾਲੀ ਦਲ ਇਸ ਸੀਟ ‘ਤੇ ਕਿੰਨਾਂ ਮਜ਼ਬੂਤ ਹੈ।
ਕਾਂਗਰਸ ਇਸ ਸੀਟ ‘ਤੇ 1951 ਤੋਂ ਲੈਕੇ 1971 ਤੱਕ 5 ਵਾਰ ਜਿੱਤੀ ਪਰ ਇਹ ਗੁਜ਼ਰੇ ਜ਼ਮਾਨੇ ਦੀ ਗੱਲ ਹੈ। ਇਸ ਤੋਂ ਬਾਅਦ 1991 ਵਿੱਚ ਜਿੱਤੀ ਜਦੋਂ ਅਕਾਲੀ ਦਲ ਨੇ ਚੋਣਾਂ ਦਾ ਬਾਇਕਾਟ ਕੀਤਾ ਸੀ। ਤਰਨਤਾਰਨ ਜੋ ਹੁਣ ਖਡੂਰ ਸਾਹਿਬ ਸੀਟ ਹੈ ਇਸ ਦੀ ਇੱਕ ਵੱਡੀ ਖ਼ਾਸੀਅਤ ਹੈ ਤਿ ਇੱਥੋਂ ਦੇ ਲੋਕ ਉਮੀਦਵਾਰ ਨੂੰ ਇੱਕ ਪਾਸੜ ਜਿੱਤ ਦਿਵਾਉਂਦੇ ਹਨ।
ਯਾਨੀ ਜਿੱਤ ਦਾ ਮਾਰਜਨ ਕੁਝ 1, 2 ਜਾਂ 5 ਫੀਸਦੀ ਨਹੀਂ ਜਦਕਿ 10 ਤੋਂ 15 ਫੀਸਦੀ ਹੁੰਦੀ ਹੈ। ਜੋ ਵੋਟਾਂ ਵਿੱਚ ਲੱਖਾਂ ਤੱਕ ਜਾਂਦਾ ਹੈ। 2019 ਵਿੱਚ ਕਾਂਗਰਸ ਦੇ ਜਸਬੀਰ ਸਿੰਘ ਡਿੰਪਾ ਨੇ ਅਕਾਲੀ ਦਲ ਦੀ 7ਵੀਂ ਜਿੱਤ ‘ਤੇ ਬ੍ਰੇਕ ਲਗਾਈ ਤਾਂ ਉਨ੍ਹਾਂ ਨੇ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ 1 ਲੱਖ 40 ਹਜ਼ਾਰ ਵੋਟਾਂ ਦੇ ਫਰਕ ਦੇ ਨਾਲ ਹਰਾਇਆ।
ਹੁਣ ਇਸ ਗੱਲ ਦੀ ਪੜਚੋਲ ਕਰਦੇ ਹਾਂ ਕਿ ਖਡੂਰ ਸਾਹਿਬ ਦੀ ਪੰਥਕ ਸੀਟ ‘ਤੇ 2024 ਵਿੱਚ ਜਨਤਾ ਦਾ ਫੈਸਲਾ ਕੀ ਹੋਵਗਾ? ਖਡੂਰ ਸਾਹਿਬ ਸੀਟ ਅਧੀਨ 9 ਵਿਧਾਨਸਭਾ ਹਲਕੇ ਆਉਂਦੇ ਹਨ। ਜਿੰਨ੍ਹਾਂ ਵਿੱਚ 2 ਦੋਆਬੇ, 1 ਮਾਲਵੇ ਤੇ 6 ਮਾਝੇ ਦੇ ਵਿਧਾਨ ਸਭਾ ਹਲਕੇ ਆਉਂਦੇ ਹਨ।
ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ 9 ਵਿੱਚੋਂ 7 ਹਲਕੇ ਜੰਡਿਆਲਾ, ਬਾਬਾ ਬਕਾਲਾ, ਤਰਨਤਾਰਨ, ਖੇਮਕਰਨ, ਪੱਟੀ, ਖਡੂਰ ਸਾਹਿਬ ਅਤੇ ਮਾਲਵੇ ਅਧੀਨ ਆਉਣ ਵਾਲੇ ਜੀਰਾ ਹਲਕਾ ਜਿੱਤਿਆ ਸੀ। ਜਦਕਿ ਦੋਆਬੇ ਅਧੀਨ ਆਉਣ ਵਾਲੇ 2 ਹਲਕਿਆਂ ਵਿੱਚ ਇੱਕ ਕਪੂਰਥਲਾ ਵਿੱਚ ਕਾਂਗਰਸ ਤੇ ਸੁਰਤਾਨਪੁਰ ਲੋਧੀ ਤੋਂ ਅਜ਼ਾਦ ਉਮੀਦਵਾਰ ਦੀ ਜਿੱਤ ਹੋਈ ਸੀ। ਵਿਧਾਨਸਭਾ ਦੇ ਨਤੀਜਿਆਂ ਨੂੰ ਵੇਖੀਏ ਤਾਂ ਆਪ ਦੀ ਅਸਾਨ ਜਿੱਤ ਨਜ਼ਰ ਆ ਰਹੀ ਹੈ। ਪਰ ਪੰਥਕ ਹਲਕਾ ਹੋਣ ਦੀ ਵਜ੍ਹਾ ਕਰਕੇ ਲੋਕਸਭਾ ਵਿੱਚ ਸਿਆਸੀ ਨਜ਼ਰ ਵੱਖਰੀ ਹੈ। ਇਸੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਮੈਦਾਨ ਵਿੱਚ ਉਤਾਰਿਆ ਹੈ।
2022 ਪੱਟੀ ਹਲਕੇ ਤੋਂ ਜਿੱਤੇ ਭੁੱਲਰ ਕੋਲ ਕੈਬਨਿਟ ਦਾ ਅਹੁਦਾ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਦਾ ਕੱਦ ਵੱਡਾ ਹੈ। 2019 ਦੇ ਲੋਕਸਭਾ ਨਤੀਜੇ ਇਸ ਨੂੰ ਸਾਬਿਤ ਵੀ ਕਰਦੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਜਿੰਦਰ ਸਿੰਘ ਸੰਧੂ ਨੂੰ ਸਿਰਫ 13 ਹਜ਼ਾਰ 656 ਵੋਟ ਮਿਲੇ ਸਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਲਈ ਖਡੂਰ ਸਾਹਿਬ ਸੀਟ ਕਿੰਨੀ ਮੁਸ਼ਕਲ ਹੈ।
ਅੰਮ੍ਰਿਤਪਾਲ ਸਿੰਘ ਨੇ ਵਿਗਾੜਿਆ ਅਕਾਲੀ ਦਲ ਖੇਡ
ਅਕਾਲੀ ਦਲ ਦੇ ਸਾਹਮਣੇ ਚੁਣੌਤੀ ਹੈ ਕਿ ਇਸ ਪੰਥਕ ਸੀਟ ‘ਤੇ ਮੁੜ ਤੋਂ ਕਬਜ਼ਾ ਕਰਨ ਦੀ ਪਰ ਅਕਾਲੀ ਦਲ ਦੇ ਸਾਹਮਣੇ 2 ਪਰੇਸ਼ਾਨੀਆਂ ਹਨ। ਪਹਿਲਾ ਅਕਾਲੀ ਦਲ ਹੁਣ ਤੱਕ ਦੇ ਆਪਣੇ ਸਭ ਤੋਂ ਕਮਜ਼ੋਰ ਦੌਰ ਤੋਂ ਗੁਜ਼ਰ ਰਹੀ ਹੈ। ਦੂਜਾ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਦੇ ਵੱਲੋਂ ਜੇਲ੍ਹ ਤੋਂ ਚੋਣ ਲੜਨ ਦੇ ਐਲਾਨ ਨਾਲ ਸਾਰਾ ਸਿਆਸੀ ਸਮੀਕਰਨ ਬਦਲ ਗਿਆ ਹੈ। ਅੰਮ੍ਰਿਤਪਾਲ ਸਿੰਘ ਸਿੱਧਾ-ਸਿੱਧਾ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਏਗਾ, ਪਿਛਲੀ ਵਾਰ ਵੀ ਬੀਬੀ ਖਾਲੜਾ ਨੂੰ ਢਾਈ ਲੱਖ ਵੋਟ ਮਿਲੇ ਸਨ ਜਿਸ ਤੋਂ ਬਾਅਦ ਅਕਾਲੀ ਦਲ ਨੇ ਤਕਰੀਬਨ 27 ਸਾਲ ਬਾਅਦ ਇਹ ਸੀਟ ਹੱਥੋਂ ਗਵਾਈ ਸੀ।
ਸੁਖਬੀਰ ਸਿੰਘ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਦੀ ਥਾਂ ਤੇ ਵਿਰਸਾ ਸਿੰਘ ਵਲਟੋਹਾ ’ਤੇ ਦਾਅ ਖੇਡਿਆ ਹੈ। ਵਲਟੋਹਾ ਦੇ ਸਾਹਮਣੇ ਅੰਮ੍ਰਿਤਪਾਲ ਸਿੰਘ ਵੱਡੀ ਚੁਣੌਤੀ ਹੈ ਇਸੇ ਲਈ ਪਹਿਲਾਂ ਉਨ੍ਹਾਂ ਨੇ ਪਰਿਵਾਰ ਨਾਲ ਬੈਠ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਹੁਣ ਉਹ ਲਗਾਤਾਰ ਸਿਆਸੀ ਹਮਲੇ ਕਰਦੇ ਹੋਏ ਖੁੱਲ੍ਹੀ ਡਿਬੇਟ ਦੀ ਚੁਣੌਤੀ ਦੇ ਰਹੇ ਹਨ। ਸਿਰਫ਼ ਇੰਨਾਂ ਹੀ ਨਹੀਂ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੇ ਤਾਂ ਦਾਅਵਾ ਕੀਤਾ ਹੈ ਕਿ ਅੰਮ੍ਰਿਤਪਾਲ ਨੂੰ ਮੈਦਾਨ ਵਿੱਚ ਉਤਾਰਨ ਪਿੱਛੇ RSS ਦੀ ਸਾਜਿਸ਼ ਹੈ।
ਉੱਧਰ ਬਿਕਰਮ ਸਿੰਘ ਮਜੀਠੀਆ ਨੇ ਵੀ ਇਸ ਨੂੰ ਕੇਂਦਰ ਦੀ ਸਾਜਿਸ਼ ਦੱਸਿਆ ਹੈ। ਪਰ ਜੇਕਰ ਪੰਥਕ ਵੋਟ 1989 ਵਾਂਗ ਇੱਕ ਪਾਸੜ ਭੁਗਤ ਗਈ ਤਾਂ ਕਈਆਂ ਦੀ ਖੇਡ ਖਰਾਬ ਹੋ ਸਕਦੀ ਹੈ। ਅੰਮ੍ਰਿਤਪਾਲ ਦੇ ਮੈਦਾਨ ਵਿੱਚ ਉਤਰਨ ਨਾਲ ਅਕਾਲੀ ਦਲ ਦੇ ਨਾਲ ਕਾਂਗਰਸ ਤੇ ਆਪ ਦੀ ਸਿਰਦਰਦੀ ਵੀ ਵਧ ਗਈ ਹੈ।
ਅਕਾਲੀ ਦਲ ਤੋਂ ਵੱਖ ਹੋ ਕੇ ਪਹਿਲੀ ਵਾਰ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਬੀਜੇਪੀ ਚੋਣ ਲੜ ਰਹੀ ਹੈ। ਇੱਥੋਂ ਪਾਰਟੀ ਨੇ ਬਾਬਾ ਬਕਾਲਾ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੂੰ ਉਮੀਦਵਾਰ ਬਣਾਇਆ ਹੈ। ਪੰਥਕ ਸੀਟ ਹੋਣ ਦੀ ਵਜ੍ਹਾ ਕਰਕੇ ਇਸ ਹਲਕੇ ਵਿੱਚ ਬੀਜੇਪੀ ਦੀ ਵੋਟ ਬੈਂਕ ਬਹੁਤ ਹੀ ਕਮਜ਼ੋਰ ਹੈ ਉਲਟਾ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਬੀਜੇਪੀ ਰੇਸ ਤੋਂ ਬਾਹਰ ਦਿੱਸ ਰਹੀ ਹੈ।
ਹੁਣ ਗੱਲ ਕਾਂਗਰਸ ਦੀ। 2019 ਵਿੱਚ ਕਾਂਗਰਸ ਦੇ ਜੇਤੂ ਐੱਮਪੀ ਜਸਬੀਰ ਸਿੰਘ ਡਿੰਪਾ ਨੇ ਇਸ ਵਾਰ ਚੋਣ ਲੜਨ ਤੋਂ ਮਨ੍ਹ ਕਰ ਦਿੱਤਾ ਹੈ ਜਦਕਿ ਉਨ੍ਹਾਂ ਦੀ ਥਾਂ ਪਾਰਟੀ ਨੇ ਕੁਲਬੀਰ ਸਿੰਘ ਜੀਰਾ ਦਾ ਨਾਂ ਅੱਗੇ ਕੀਤਾ ਹੈ।
ਪੰਥਕ ਸੀਟ ਹੋਣ ਦੀ ਵਜ੍ਹਾ ਕਰਕੇ ਪਾਰਟੀ ਨੇ ਉਨ੍ਹਾਂ ਦੇ ਨਾਂ ’ਤੇ ਮੋਹਰ ਲਗਾਈ ਹੈ। ਹਾਲਾਂਕਿ ਰਾਣਾ ਗੁਰਜੀਤ ਸਿੰਘ ਪਹਿਲਾਂ ਪੁੱਤਰ ਰਾਣਾ ਇੰਦਰ ਦੀ ਖਡੂਰ ਸਾਹਿਬ ਅਤੇ ਆਨੰਦਪੁਰ ਸਾਹਿਬ ਸੀਟ ਲਈ ਦਾਅਵੇਦਾਰੀ ਪੇਸ਼ ਕਰ ਰਹੇ ਹਨ ਸਨ। ਪਰ ਪਾਰਟੀ ਨੇ ਦੋਵਾਂ ਥਾਵਾਂ ਤੋਂ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ। ਇਸ ਦੇ ਬਾਵਜੂਦ ਰਾਣਾ ਕੁਲਬੀਰ ਜੀਰਾ ਦੇ ਨਾਲ ਖੜੇ ਹੋਏ ਨਜ਼ਰ ਆ ਰਹੇ ਹਨ। ਖਡੂਰ ਸਾਹਿਬ ਹਲਕੇ ਵਿੱਚ ਹੀ ਰਾਣਾ ਦਾ ਆਪਣਾ ਹਲਕਾ ਕਪੂਰਥਲਾ ਤੇ ਪੁੱਤਰ ਰਾਣਾ ਇੰਦਰ ਦਾ ਹਲਕਾ ਸੁਲਤਾਨਪੁਰ ਲੋਧੀ ਆਉਂਦਾ ਹੈ।
ਕੁੱਲ ਮਿਲਾ ਕੇ ਖਡੂਰ ਸਾਹਿਬ ਸੀਟ ਦੇ ਇਤਿਹਾਸ ਨੂੰ ਵੇਖਿਆ ਜਾਵੇਗਾ ਤਾਂ ਕਾਂਗਰਸ ਅਤੇ ਅਕਾਲੀ ਦਲ ਵਿੱਚ ਪਹਿਲਾਂ ਤਗੜਾ ਮੁਕਾਬਲਾ ਨਜ਼ਰ ਆ ਰਿਹਾ ਸੀ। ਪਰ ਅੰਮ੍ਰਿਤਪਾਲ ਸਿੰਘ ਦੇ ਮੈਦਾਨ ਵਿੱਚ ਉਤਰਨ ਤੋਂ ਬਾਅਦ ਸਿਆਸੀ ਜਾਣਕਾਰ ਵੀ ਦੁਬਿਧਾ ਵਿੱਚ ਹਨ। ਸੂਬੇ ਦੀ ਵਜ਼ਾਰਤ ਵਿੱਚ ਹੋਣ ਦੀ ਵਜ੍ਹਾ ਕਰਕੇ ਆਮ ਆਦਮੀ ਪਾਰਟੀ ਪਹਿਲਾਂ ਮੁਕਾਬਲੇ ਵਿੱਚ ਨਜ਼ਰ ਆ ਰਹੀ ਸੀ ਪਰ ਹੁਣ ਰੇਸ ਤੋਂ ਬਾਹਰ ਨਜ਼ਰ ਆ ਰਹੀ ਹੈ।