ਬਿਉਰੋ ਰਿਪੋਰਟ – ਸੰਗਰੂਰ ਦੇ ਧੂਰੀ ਵਿੱਚ ਇੱਕ ਕਤਲ ਦੀ ਅਜਿਹੀ ਵਾਰਦਾਤ ਸਾਹਮਣੇ ਆਈ ਹੈ ਜੋ ਤੁਹਾਡੇ ਪੈਰਾਂ ਹੇਠਾਂ ਤੋਂ ਜ਼ਮੀਨ ਖਿਸਕਾ ਦੇਵੇਗੀ। ਦੋਹਾਲਾ ਰੇਲਵੇ ਫਾਟਕ ਦੇ ਕੋਲ ਬਗਲਾਮੁਖੀ ਮੰਦਰ ਦੇ 2 ਪੁਜਾਰੀਆਂ ਨੇ ਇੱਕ ਨੌਜਵਾਨ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਹਵਨਕੁੰਡ ਵਿੱਚ ਦੱਬ ਦਿੱਤਾ। ਮਰਨ ਵਾਲੇ ਦੀ ਪਛਾਣ 33 ਸਾਲ ਦੇ ਸੁਦੀਪ ਕੁਮਾਰ ਦੇ ਰੂਪ ਵਿੱਚ ਹੋਈ ਹੈ ਜੋ ਧੂਰੀ ਦਾ ਰਹਿਣ ਵਾਲਾ ਸੀ। ਪਰਿਵਾਰ ਦੇ ਮੁਤਾਬਿਕ ਮ੍ਰਿਤਕ 2 ਮਈ ਤੋਂ ਗਾਇਬ ਸੀ, 12 ਸਾਲ ਦੀ ਉਮਰ ਤੋਂ ਹੀ ਸੁਦੀਪ ਨੂੰ ਬੰਗਲਾਮੁਖੀ ਮੰਦਰ ਦੇ ਪੁਜਾਰੀਆਂ ਨੂੰ ਪਰਿਵਾਰ ਨੇ ਸੌਂਪ ਦਿੱਤਾ ਸੀ। ਪਿਤਾ ਦਾ ਇਲਜ਼ਾਮ ਹੈ ਕਿ ਤਾਂਤਰਿਕ ਵਿੱਦਿਆ ਦੀ ਵਜ੍ਹਾ ਕਰਕੇ ਮੇਰੇ ਪੁੱਤਰ ਦੀ ਬਲੀ ਦਿੱਤੀ ਗਈ ਹੈ।
ਇਸ ਵਜ੍ਹਾ ਨਾਲ ਪੁਜਾਰੀਆਂ ’ਤੇ ਹੋਇਆ ਸ਼ੱਕ
ਧੂਰੀ ਥਾਣੇ ਦੇ SHO ਸੌਰਭ ਸਬਰਵਾਲ ਦੇ ਮੁਤਾਬਿਕ ਸੁਦੀਪ ਬੱਚਿਆਂ ਨੂੰ ਹਿੰਦੂ ਧਰਮ ਦੀ ਵਿੱਦਿਆ ਦਿੰਦਾ ਸੀ। ਪਰਿਵਾਰ ਨੂੰ ਪੁੱਤਰ ਦੇ ਗਾਇਬ ਹੋਣ ’ਤੇ ਪੁਜਾਰੀਆਂ ’ਤੇ ਸ਼ੱਕ ਸੀ। ਜਦੋਂ ਪੁੱਛ-ਗਿੱਛ ਦੇ ਲਈ ਪੁਲਿਸ ਬਗਲਾਮੁਖੀ ਮੰਦਰ ਦੇ ਪੁਜਾਰੀਆਂ ਕੋਲ ਪਹੁੰਚੀ ਅਤੇ ਸੁਦੀਪ ਬਾਰੇ ਜਾਣਕਾਰੀ ਮੰਗੀ ਤਾਂ ਪੁਜਾਰੀ ਪਰਮਾਨੰਦ ਨੇ ਕਿਹਾ ਉਹ 2 ਦਿਨ ਤੋਂ ਮੰਦਰ ਨਹੀਂ ਆਇਆ ਹੈ।
ਮੰਦਰ ਦੇ ਬਾਹਰ ਲੱਗੇ CCTV ਕੈਮਰਿਆਂ ਤੋਂ ਜਦੋਂ 2 ਦਿਨ ਪੁਰਾਣੀ ਫੁਟੇਜ ਨਹੀਂ ਮਿਲੀ ਅਤੇ ਤਾਂ ਪੁਲਿਸ ਨੇ ਮੰਦਰ ਦੇ ਨਜ਼ਦੀਕ ਇੱਕ ਫੈਕਟਰੀ ਦੇ ਕੈਮਰੇ ਨੂੰ ਖੰਗਾਲਿਆ ਤਾਂ ਸੁਦੀਪ ਦੀ ਫੁਟੇਜ ਮਿਲੀ। ਪੁਲਿਸ ਨੇ ਜਦੋਂ ਪੁਜਾਰੀ ਪਰਮਾਨੰਦ ਨੂੰ ਥਾਣੇ ਲਿਜਾ ਕੇ ਸਖ਼ਤੀ ਕੀਤੀ ਤਾਂ ਉਸ ਨੇ ਸੁਦੀਪ ਦੇ ਕਤਲ ਦੀ ਪੂਰੀ ਕਹਾਣੀ ਦੱਸੀ ਕਿ ਕਤਲ ਕਰਨ ਤੋਂ ਬਾਅਦ ਉਸ ਨੂੰ ਹਵਨਕੁੰਡ ਦੇ ਹੇਠਾਂ ਦਬਾ ਦਿੱਤਾ ਗਿਆ ਸੀ।
ਪੁਲਿਸ ਨੇ ਹਵਨਕੁੰਡ ਨੂੰ ਖੋਦ ਕੇ ਸੁਦੀਪ ਦੀ ਲਾਸ਼ ਬਾਹਰ ਕੱਢ ਲਈ ਹੈ ਅਤੇ ਉਸ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਬਗਲਾਮੁਖੀ ਦੇ 2 ਪੁਜਾਰੀ ਪਰਮਾਨੰਦਰ ਅਤੇ ਮੁੱਖ ਪੁਜਾਰੀ ਅਸ਼ੋਕ ਸ਼ਾਸਤਰੀ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੇ ਇਸ ਮਾਮਲੇ ਵਿੱਚ ਕੋਈ ਹੋਰ ਵਿਅਕਤੀ ਸ਼ਾਮਲ ਹੋਇਆ ਤਾਂ ਉਸ ਦੇ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।