India Lok Sabha Election 2024

ਰਾਏਬਰੇਲੀ ਤੋਂ ਚੋਣ ਲੜਨਗੇ ਰਾਹੁਲ ਗਾਂਧੀ , ਅਮੇਠੀ ਸੀਟ ਤੋਂ ਕਿਸ਼ੋਰੀ ਲਾਲ ਸ਼ਰਮਾ ਨੂੰ ਦਿੱਤੀ ਟਿਕਟ

ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਰਾਏਬਰੇਲੀ ਲੋਕ ਸਭ ਸੀਟ ਤੋਂ ਚੋਣ ਲੜਨਗੇ। ਪਾਰਟੀ ਨੇ ਅੱਜ ਉਨ੍ਹਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਦੂਜੇ ਪਾਸੇ ਅਮੇਠੀ ਤੋਂ ਕਿਸ਼ੋਰੀ ਲਾਲ ਸ਼ਰਮਾ ਨੂੰ ਟਿਕਟ ਦਿੱਤਾ ਗਿਆ ਹੈ। ਪਹਿਲਾਂ ਕਿਆਸ ਲਗਾਏ ਜਾ ਰਹੇ ਸਨਕਿ ਇਥੋਂ ਪ੍ਰਿਯੰਕਾ ਗਾਂਧੀ ਵਾਡ੍ਰਾ ਨੂੰ ਅਮੇਠੀ ਤੋਂ ਉਤਾਰਿਆ ਜਾਵੇਗਾ। ਰਾਹੁਲ ਵਾਇਨਾਡ ਸੀਟ ਤੋਂ ਵੀ ਚੋਣ ਲੜ ਰਹੇ ਹਨ।

ਜਾਣਕਾਰੀ ਮੁਤਾਬਕ ਕਾਂਗਰਸ ਪਾਰਟੀ ਨੇ ਸ਼ੁੱਕਰਵਾਰ ਨੂੰ ਉਮੀਦਵਾਰਾਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ, ਜਿਸ ‘ਚ ਰਾਏਬਰੇਲੀ ਸੀਟ ਅਤੇ ਅਮੇਠੀ ਸੀਟ ਸ਼ਾਮਲ ਹੈ। ਰਾਹੁਲ ਗਾਂਧੀ ਰਾਏਬਰੇਲੀ ਤੋਂ ਅਤੇ ਅਮੇਠੀ ਤੋਂ ਕੇ.ਐਲ ਸ਼ਰਮਾ (ਕਿਸ਼ੋਰੀ ਲਾਲ ਸ਼ਰਮਾ) ਨੂੰ ਉਮੀਦਵਾਰ ਬਣਾਇਆ ਗਿਆ ਹੈ।

ਇਹ ਪਹਿਲੀ ਵਾਰ ਹੈ ਜਦੋਂ ਰਾਹੁਲ ਗਾਂਧੀ ਰਾਏਬਰੇਲੀ ਲੋਕ ਸਭਾ ਸੀਟ ਤੋਂ ਚੋਣ ਲੜਨਗੇ। ਰਾਹੁਲ ਗਾਂਧੀ ਤਿੰਨ ਵਾਰ ਅਮੇਠੀ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ। 2019 ਵਿੱਚ ਰਾਹੁਲ ਗਾਂਧੀ ਨੂੰ ਅਮੇਠੀ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰਾਹੁਲ ਗਾਂਧੀ 2019 ‘ਚ ਕੇਰਲ ਦੀ ਵਾਇਨਾਡ ਸੀਟ ਤੋਂ ਲੋਕ ਸਭਾ ਪਹੁੰਚੇ ਸਨ। ਇਸ ਵਾਰ ਵੀ ਰਾਹੁਲ ਗਾਂਧੀ ਵਾਇਨਾਡ ਤੋਂ ਚੋਣ ਲੜ ਰਹੇ ਹਨ।

1999 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਗਾਂਧੀ ਪਰਿਵਾਰ ਦਾ ਕੋਈ ਮੈਂਬਰ ਅਮੇਠੀ ਤੋਂ ਚੋਣ ਨਹੀਂ ਲੜ ਰਿਹਾ ਹੈ। ਕੇਐਲ ਸ਼ਰਮਾ ਰਾਏਬਰੇਲੀ ਵਿੱਚ ਸੋਨੀਆ ਗਾਂਧੀ ਦੇ ਸੰਸਦੀ ਪ੍ਰਤੀਨਿਧੀ ਰਹਿ ਚੁੱਕੇ ਹਨ। ਭਾਜਪਾ ਨੇ ਰਾਏਬਰੇਲੀ ਤੋਂ ਦਿਨੇਸ਼ ਪ੍ਰਤਾਪ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਅਮੇਠੀ ਤੋਂ ਚੋਣ ਲੜ ਰਹੀ ਹੈ। ਅਮੇਠੀ ਅਤੇ ਰਾਏਬਰੇਲੀ ‘ਚ ਨਾਮਜ਼ਦਗੀਆਂ ਭਰਨ ਦੀ ਅੱਜ ਆਖਰੀ ਤਰੀਕ ਹੈ। ਇਨ੍ਹਾਂ ਦੋਵਾਂ ਸੀਟਾਂ ‘ਤੇ ਪੰਜਵੇਂ ਪੜਾਅ ‘ਚ 20 ਮਈ ਨੂੰ ਵੋਟਿੰਗ ਹੋਵੇਗੀ।