India Punjab

7 ਅਪ੍ਰੈਲ ਤੋਂ ਹਰਿਆਣਾ ‘ਚ ਸ਼ੁਰੂ ਹੋਵੇਗੀ ਕਿਸਾਨ ਯਾਤਰਾ : ਕਿਸਾਨ ਆਗੂ ਸਰਵਣ ਸਿੰਘ ਪੰਧੇਰ

ਆਪਣੀਆਂ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸ਼ੰਭੂ ਬਾਰਡਰ ’ਤੇ 75ਵੇਂ ਦਿਨ ਵੀ ਧਰਨਾ ਜਾਰੀ ਰਿਹਾ ਜਦਕਿ ਤਿੰਨ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਵੱਖਰੇ ਤੌਰ ’ਤੇ ਸ਼ੰਭੂ ਰੇਲਵੇ ਸਟੇਸ਼ਨ ਦੇ ਰੇਲਵੇ ਟਰੈਕ ’ਤੇ 17 ਅਪਰੈਲ ਤੋਂ ਧਰਨਾ ਜਾਰੀ ਹੈ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇਹ ਦੋਵੇਂ ਧਰਨੇ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਬਿਨਾਂ ਹਟਾਏ ਨਹੀਂ ਜਾਣਗੇ। ਉਨ੍ਹਾਂ ਨੇ ਦੱਸਿਆ ਕਿ 7 ਮਈ ਤੋਂ ਹਰਿਆਣਾ ’ਚ ਕਿਸਾਨ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ, ਜੋ ਹਰਿਆਣਾ ਦੇ ਸੈਂਕੜੇ ਪਿੰਡਾਂ ਦਾ ਦੌਰਾ ਕਰੇਗੀ ਜਿਸ ਦੌਰਾਨ ਭਾਜਪਾ ਸਰਕਾਰ ਵੱਲੋਂ 10 ਸਾਲਾਂ ’ਚ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ’ਤੇ ਕੀਤੇ ਗਏ ਜ਼ੁਲਮਾਂ ਤੇ ਅੱਤਿਆਚਾਰਾਂ ਨੂੰ ਲੋਕਾਂ ਦੇ ਧਿਆਨ ’ਚ ਲਿਆਂਦਾ ਜਾਵੇਗਾ।

19 ਮਈ ਨੂੰ ਕੈਥਲ ਵਿੱਚ ਹਰਿਆਣਾ ਦੀ ਸੂਬਾ ਪੱਧਰੀ ਰੈਲੀ ਹੋਵੇਗੀ, ਜਿਸ ਵਿੱਚ ਹਜ਼ਾਰਾਂ ਕਿਸਾਨ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਬਾਰਡਰਾਂ ’ਤੇ ਧਰਨਿਆਂ ਦੇ ਸੌ ਦਿਨ ਮੁਕੰਮਲ ਹੋਣ ’ਤੇ ਸ਼ੰਭੂ ਵਿਚ ਵਿਸ਼ਾਲ ਇਕੱਠ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਹਰਿਆਣਾ ਪੁਲੀਸ ਵੱਲੋਂ ਪਿਛਲੇ ਮਹੀਨੇ ਗ੍ਰਿਫਤਾਰ ਕੀਤੇ ਗਏ ਅਨੀਸ਼ ਖਟਕੜ, ਨਵਦੀਪ ਜਲਬੇੜਾ ਤੇ ਗੁਰਕੀਰਤ ਸਿੰਘ ਹਰਿਆਣਾ ਵਿਚਲੀ ਜੇਲ੍ਹ ’ਚ ਹਨ ਤੇ ਕਿਸਾਨ ਇਨ੍ਹਾਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕਰ ਰਹੇ ਹਨ। ਇਸੇ ਦੌਰਾਨ ਰੇਲਵੇ ਟਰੈਕ ਵਾਲੇ ਧਰਨੇ ’ਤੇ ਅੱਜ ਵੀ ਬੀਬੀਆਂ ਵੱਡੀ ਗਿਣਤੀ ’ਚ ਸ਼ਾਮਲ ਹੋਈਆਂ। ਇਸ ਮੌਕੇ ਮਨਜੀਤ ਰਾਏ, ਅਮਰਜੀਤ ਮੌੜ੍ਹੀ, ਮਨਜੀਤ ਨਿਆਲ਼, ਅਭਿਮੰਨਿਊ ਕੋਹਾੜ, ਗੁਰਿੰਦਰ ਭੰਗੂ ਹਾਜ਼ਰ ਸਨ।