ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਸ਼ਾ ਸਮੱਗਲਰਾਂ ਖ਼ਿਲਾਫ਼ ਸਰਚ ਮੁਹਿੰਮ ਚਲਾਉਂਦੇ ਹੋਏ ਪੰਜਾਬ ਪੁਲਿਸ ਨੇ 20 ਹਜ਼ਾਰ ਲੀਟਰ ਲਾਹਣ ਸਮੇਤ 8 ਲੋਹੇ ਦੇ ਡਰੰਮ, 32 ਤਰਪਾਲਾਂ ਅਤੇ 2 ਪਤੀਲੇ ਫੜਨ ’ਚ ਸਫ਼ਲਤਾ ਹਾਸਲ ਕੀਤੀ ਹੈ।
ਇਸ ਸਬੰਧੀ SHO ਮਹਿਤਪੁਰ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾਉਣ ਲਈ ਉਨ੍ਹਾਂ ਅਤੇ ਐਕਸਾਈਜ਼ ਇੰਸਪੈਕਟਰ ਸਾਹਿਲ ਗੰਗਾ ਨੂੰ ਨਾਲ ਲੈ ਕੇ ਪੁਲਿਸ ਪਾਰਟੀ ਨੇ ਸਤਲੁਜ ਬੰਨ੍ਹ ਨੇੜੇ ਪਿੰਡ ਵੇਹਰਾ ਤੋ 20 ਹਜ਼ਾਰ ਲੀਟਰ ਜ਼ਹਿਰੀਲੀ ਲਾਹਣ ਅਤੇ ਲੋਹੇ ਦੇ 8 ਡਰੰਮ ਬਰਾਮਦ ਕੀਤੇ, ਜਿਨ੍ਹਾਂ ਨੂੰ ਮੌਕੇ ’ਤੇ ਹੀ ਨਸ਼ਟ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ SHO ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆ ਤੋਂ ਇਲਾਕੇ ਦੀ ਕਮਾਨ ਸੰਭਾਲ ਕੇ ਨਸ਼ਾ ਸਮੱਗਲਰਾਂ ਦਾ ਲੱਕ ਤੋੜ ਦਿੱਤਾ ਹੈ। ਆਏ ਦਿਨ ਉਨ੍ਹਾਂ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਕਾਰਨ ਜਿੱਥੇ ਨਸ਼ਾ ਸਮੱਗਲਰਾਂ ’ਚ ਦਿਨੋਂ-ਦਿਨ ਡਰ ਪਾਇਆ ਜਾ ਰਿਹਾ ਹੈ। ਇਸ ਦਾ ਪ੍ਰਭਾਵ ਖੇਤਰ ਦੇ ਅਸਮਾਜਿਕ ਤੱਤਾ ’ਤੇ ਵੀ ਪਿਆ ਹੈ। ਇਸ ਸੰਬੰਧੀ SHO ਨੇ ਕਿਹਾ ਕਿ ਇਲਾਕੇ ’ਚ ਨਸ਼ਾ ਸਮੱਗਲਰਾਂ ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਵੇਗਾ। ਉਹ ਖੁਦ ਇਲਾਕੇ ’ਚ ਸਰਚ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ’ਚ ਵੀ ਨਸ਼ਾ ਸਮੱਗਲਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।