India Lok Sabha Election 2024

PM ਮੋਦੀ ਦਾ ਸਭ ਤੋਂ ਵੱਡਾ ਮੁਰੀਦ ਹੁਣ ਉਨ੍ਹਾਂ ਖ਼ਿਲਾਫ਼ ਲੜੇਗਾ ਚੋਣ! ‘ਮੇਰੀ ਕਾਮੇਡੀ ’ਚ ਦਿੱਤਾ ਸੀ ਸਿਆਸੀ ਦਖ਼ਲ’

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨਕਲ ਕਰਨ ਲਈ ਜਾਣਿਆ ਜਾਂਦਾ ਸ਼ਿਆਮ ਰੰਗੀਲਾ ਹੁਣ ਪ੍ਰਧਾਨ ਮੰਤਰੀ ਖ਼ਿਲਾਫ਼ ਲੋਕ ਸਭਾ ਚੋਣ ਲੜਨ ਲਈ ਖੜਾ ਹੋਵੇਗਾ। ਉਸ ਨੇ ਉੱਤਰ ਪ੍ਰਦੇਸ਼ ਦੀ ਵਾਰਾਣਸੀ ਲੋਕ ਸਭਾ ਸੀਟ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਰੰਗੀਲਾ ਦਾ ਕਹਿਣਾ ਹੈ ਕਿ ਉਹ ਇਸ ਹਫ਼ਤੇ ਦੇ ਅੰਤ ਤੱਕ ਵਾਰਾਣਸੀ ਪਹੁੰਚੇਗਾ ਤੇ ਪੀਐੱਮ ਮੋਦੀ ਖ਼ਿਲਾਫ਼ ਨਾਮਜ਼ਦਗੀ ਦਾਖ਼ਲ ਕਰੇਗਾ। ਪੀਐਮ ਮੋਦੀ ਵੀ 13 ਮਈ ਨੂੰ ਵਾਰਾਣਸੀ ਤੋਂ ਨਾਮਜ਼ਦਗੀ ਭਰ ਰਹੇ ਹਨ।

ਪਹਿਲਾਂ ਰੰਗੀਲਾ ਨੇ ਜਦੋਂ ਸੋਮਵਾਰ ਨੂੰ ਟਵਿੱਟਰ ‘ਤੇ ਐਲਾਨ ਕੀਤਾ ਸੀ ਕਿ ਉਹ ਵਾਰਾਣਸੀ ਤੋਂ ਚੋਣ ਲੜੇਗਾ ਕਿਉਂਕਿ ਕੋਈ ਨਹੀਂ ਜਾਣਦਾ ਕਿ ਕੌਣ ਕਦੋਂ ਆਪਣੀ ਨਾਮਜ਼ਦਗੀ ਵਾਪਸ ਲੈ ਲਵੇਗਾ ਤਾਂ ਲੋਕ ਉਸ ਦੇ ਟਵੀਟ ਨੂੰ ਸਿਰਫ ਵਿਅੰਗ ਦੇ ਰੂਪ ‘ਚ ਦੇਖ ਰਹੇ ਸੀ। ਪਰ ਹੁਣ ਉਸ ਨੇ ‘ਇੰਡੀਅਨ ਐਕਸਪ੍ਰੈਸ’ ਨਾਲ ਗੱਲਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਤਾਂ ਸਾਫ਼ ਹੋ ਗਿਆ ਹੈ ਕਿ ਸ਼ਿਆਮ ਰੰਗੀਲਾ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਆਸੀ ਮੈਦਾਨ ਵਿੱਚ ਚੁਣੌਤੀ ਦੇਵੇਗਾ।

ਚੋਣ ਲੜਨ ‘ਤੇ ਈਡੀ ਤੋਂ ਡਰਨ ਦੇ ਸਵਾਲ ‘ਤੇ ਰੰਗੀਲਾ ਨੇ ਕਿਹਾ ਕਿ ਮੈਨੂੰ ਇਸ ਦਾ ਕੋਈ ਡਰ ਨਹੀਂ ਹੈ। ਰੰਗੀਲਾ ਨੇ ਕਿਹਾ, ‘ਜੇ ਮੇਰੇ ਖਾਤਿਆਂ ਦੀ ਜਾਂਚ ਕੀਤੀ ਜਾਵੇ ਤਾਂ ਉਨ੍ਹਾਂ ‘ਚ ਕੁਝ ਵੀ ਨਹੀਂ ਮਿਲੇਗਾ। ਮੈਂ ਅਸਲੀ ਫਕੀਰ ਹਾਂ, ਜੋ ਝੋਲਾ ਚੁੱਕ ਕੇ ਤੁਰ ਪਵਾਂਗਾ।’

ਸ਼ਿਆਮ ਰੰਗੀਲਾ ਨੇ ਕਿਹਾ ਕਿ ਮੈਂ ਕਦੇ ਨਰੇਂਦਰ ਮੋਦੀ ਦਾ ਮੁਰੀਦ ਹੁੰਦਾ ਸੀ। ਉਸ ਨੇ ਕਿਹਾ ਕਿ 2016-17 ਤੱਕ ਮੈਂ ਮੋਦੀ ਭਗਤ ਸੀ ਪਰ ਮੇਰੇ ‘ਤੇ ਪਾਬੰਦੀਆਂ ਲਾਈਆਂ ਗਈਆਂ। ਉਸ ਨੇ ਕਿਹਾ, ‘ਮੈਨੂੰ ਟੀਵੀ ਸ਼ੋਅ ਦੇ ਆਫਰ ਆਉਂਦੇ ਸੀ। ਪਰ ਜਦੋਂ ਮੈਂ ਉੱਥੇ ਪਹੁੰਚਦਾ ਤਾਂ ਦੇਖਦਾ ਕਿ ਸਕ੍ਰਿਪਟ ਮਨਜ਼ੂਰ ਨਹੀਂ ਹੁੰਦੀ ਸੀ ਅਤੇ ਮੈਨੂੰ ਹਟਾ ਦਿੱਤਾ ਜਾਂਦਾ ਸੀ। ਇੱਕ ਤੋਂ ਬਾਅਦ ਇੱਕ ਸ਼ੋਅ ਵਿੱਚ ਅਜਿਹਾ ਹੁੰਦਾ ਰਿਹਾ।’ ਰੰਗੀਲਾ ਨੇ ਕਿਹਾ ਕਿ ਜਦੋਂ ਅਜਿਹਾ ਕਈ ਵਾਰ ਹੋਇਆ, ਤਾਂ ਮੈਨੂੰ ਸਮਝ ਆ ਗਈ ਕਿ ਕਾਮੇਡੀ ਵਿੱਚ ਵੀ ਰਾਜਨੀਤੀ ਦਾਖ਼ਲ ਹੋ ਗਈ ਹੈ।

ਮਿਮਿਕਰੀ ਆਰਟਿਸਟ ਸ਼ਿਆਮ ਰੰਗੀਲਾ ਨੇ ਕਿਹਾ ਕਿ ਉਹ ਅਜਿਹਾ ਇਸ ਲਈ ਕਰ ਰਿਹਾ ਹੈ ਤਾਂ ਕਿ ਲੋਕਤੰਤਰ ਜਿਉਂਦਾ ਰਹੇ। ਉਸ ਨੇ ਕਿਹਾ ਕਿ ਅੱਜਕੱਲ੍ਹ ਕੋਈ ਨਹੀਂ ਜਾਣਦਾ ਕਿ ਕੌਣ ਕਦੋਂ ਆਪਣੀ ਨਾਮਜ਼ਦਗੀ ਵਾਪਸ ਲੈ ਲਵੇਗਾ। ਅਜਿਹੇ ‘ਚ ਉਹ ਮੈਦਾਨ ‘ਚ ਖੜ੍ਹੇ ਹੋ ਕੇ ਜਨਤਾ ਨੂੰ ਸੰਦੇਸ਼ ਦੇਵੇਗਾ ਕਿ ਚੋਣਾਂ ਹੋਣਗੀਆਂ ਤੇ ਲੋਕ ਉਸ ਨੂੰ ਵੋਟ ਵੀ ਦੇ ਸਕਦੇ ਹਨ।

ਸ਼ਿਆਮ ਰੰਗੀਲਾ ਨੇ ਕਿਹਾ, ‘ਅਸੀਂ ਘੱਟੋ-ਘੱਟ ਇਹ ਕਹਿਣ ਲਈ ਖੜ੍ਹੇ ਹੋਵਾਂਗੇ ਕਿ ਅਸੀਂ ਇੱਥੇ ਲੋਕਤੰਤਰ ਨੂੰ ਖ਼ਤਰਾ ਨਹੀਂ ਆਉਣ ਦੇਵਾਂਗੇ। ਇੱਥੇ ਲੋਕਾਂ ਨੂੰ ਵੋਟ ਪਾਉਣ ਦਾ ਵਿਕਲਪ ਮਿਲੇਗਾ। ਸੂਰਤ ਅਤੇ ਇੰਦੌਰ ਵਰਗੀ ਸਥਿਤੀ ਨਹੀਂ ਹੋਵੇਗੀ।’

ਯਾਦ ਰਹੇ ਇੰਦੌਰ ਅਤੇ ਸੂਰਤ ਵਿੱਚ ਕਾਂਗਰਸ ਉਮੀਦਵਾਰਾਂ ਨੇ ਆਪਣੇ ਨਾਂ ਵਾਪਸ ਲੈ ਲਏ ਹਨ। ਸੂਰਤ ਵਿੱਚ ਭਾਜਪਾ ਉਮੀਦਵਾਰ ਦੇ ਬਿਨਾਂ ਮੁਕਾਬਲਾ ਜਿੱਤਣ ਦਾ ਰਸਤਾ ਸਾਫ਼ ਹੋ ਗਿਆ ਹੈ। ਇਸ ਤੋਂ ਇਲਾਵਾ ਇੰਦੌਰ ਵਿੱਚ ਵੀ ਹੁਣ ਕੋਈ ਮੁਕਾਬਲਾ ਨਹੀਂ ਹੈ ਅਤੇ ਹੁਣ ਸਿਰਫ਼ ਛੋਟੀਆਂ ਪਾਰਟੀਆਂ ਜਾਂ ਆਜ਼ਾਦ ਉਮੀਦਵਾਰ ਹੀ ਮੈਦਾਨ ਵਿੱਚ ਹਨ।

29 ਸਾਲਾ ਸ਼ਿਆਮ ਰੰਗੀਲਾ ਪੀਐਮ ਮੋਦੀ ਦੀ ਨਕਲ ਕਰਕੇ ਸੁਰਖੀਆਂ ਵਿੱਚ ਆਇਆ ਹੈ। ਉਹ ਕਈ ਕਾਮੇਡੀ ਸ਼ੋਅਜ਼ ਵਿੱਚ ਵੀ ਹਿੱਸਾ ਲੈ ਚੁੱਕਾ ਹੈ। ਉਸ ਨੇ ਕਿਹਾ ਕਿ ਮੈਂ ਪੂਰੇ ਦਿਲ ਨਾਲ ਚੋਣ ਲੜਨ ਦੀ ਤਿਆਰੀ ਕਰ ਰਿਹਾ ਹਾਂ ਅਤੇ ਜਲਦੀ ਹੀ ਵਾਰਾਣਸੀ ਜਾਊਂਗਾ।

ਇਹ ਵੀ ਪੜ੍ਹੋ – ਹਿੰਦੀ ਟੀਵੀ ਸੀਰੀਅਲ ‘ਅਨੂਪਮਾ’ ਦੀ ਮੁਖ ਕਿਰਦਾਰ ਰੁਪਾਲੀ ਗਾਂਗੁਲੀ ਭਾਜਪਾ ‘ਚ ਹੋਈ ਸ਼ਾਮਲ