India

ਸਲਮਾਨ ਖ਼ਾਨ ਦੇ ਘਰ ਗੋਲੀਬਾਰੀ ਮਾਮਲਾ: ਪੁਲਿਸ ਹਿਰਾਸਤ ‘ਚ ਇੱਕ ਨੇ ਕੀਤੀ ਖੁਦਕੁਸ਼ੀ

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ (Salman Khan) ਦੇ ਘਰ ਕੁੱਝ ਵਿਅਕਤੀਆਂ ਵੱਲੋਂ ਗੋਲੀਬਾਰੀ ਕੀਤੀ ਗਈ ਸੀ, ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਕੁੱਝ ਮੁਲਜ਼ਮਾਂ ਨੂੰ  ਗ੍ਰਿਫ਼ਤਾਰ ਕੀਤਾ ਸੀ। ਜਿਨ੍ਹਾਂ ਵਿੱਚੋਂ ਇੱਕ ਮੁਲਜ਼ਮ ਅਨੁਜ ਥਾਪਨ ਤੇ ਹਥਿਆਰ ਦੇਣ ਦੇ ਦੋਸ਼ ਲੱਗੇ ਸਨ, ਜਿਸ ਨੇ ਅੱਜ ਮੁੰਬਈ ਪੁਲਿਸ ਦੀ ਹਿਰਾਸਤ ਵਿੱਚ ਖੁਦਕੁਸ਼ੀ ਕਰ ਲਈ।ਜਾਣਕਾਰੀ ਮੁਤਾਬਕ ਥਾਪਨ ਨੇ ਮੁੰਬਈ ਪੁਲਿਸ ਹੈੱਡਕੁਆਟਰ ਵਿੱਚ ਚਾਦਰ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਇਸ ਸਬੰਧੀ ਪੁਲਿਸ ਨੂੰ ਸਵੇਰੇ 11 ਵਜੇ ਜਾਣਕਾਰੀ ਪ੍ਰਾਪਤ ਹੋਈ। ਪੁਲਿਸ ਵੱਲੋਂ ਘਟਨਾ ਦੀ ਜਾਣਕਾਰੀ ਮਿਲਣ ਤੋਂ ਤਰੁੰਤ ਬਾਅਦ ਥਾਪਨ ਨੂੰ ਗੰਭੀਰ ਹਾਲਤ ਵਿਚ ਨਜ਼ਦੀਕੀ ਜੀ.ਟੀ. ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਸੇਂਟ ਜਾਰਜ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੋਸ਼ੀ ਅਨੁਜ ਥਾਪਨ ਦੀ ਖੁਦਕੁਸ਼ੀ ਦੀ ਜਾਂਚ ਰਾਜ ਸੀਆਈਡੀ ਨੂੰ ਸੌਂਪੀ ਗਈ ਸੀ।

ਮੁੰਬਈ ਕ੍ਰਾਈਮ ਬ੍ਰਾਂਚ ਨੇ ਗੋਲੀਬਾਰੀ ਮਾਮਲੇ ‘ਚ 25 ਅਪ੍ਰੈਲ ਨੂੰ ਪੰਜਾਬ ਤੋਂ ਅਨੁਜ ਅਤੇ ਸੁਭਾਸ਼ ਚੰਦਰ ਨੂੰ ਹਿਰਾਸਤ ‘ਚ ਲਿਆ ਸੀ। ਦੋਵਾਂ ਨੇ ਇਸ ਵਾਰਦਾਤ ਲਈ ਹਥਿਆਰ ਮੁਹੱਈਆ ਕਰਵਾਏ ਸਨ। ਦੋਵੇਂ ਮੁਲਜ਼ਮ ਪੰਜਾਬ ਦੇ ਅਬੋਹਰ ਦੇ ਰਹਿਣ ਵਾਲੇ ਹਨ। ਇਨ੍ਹਾਂ ਦੋਵਾਂ ਉੱਤੇ ਪੰਜਾਬ ਅਤੇ ਹਰਿਆਣਾ ਵਿੱਚ ਪਹਿਲਾ ਵੀ ਕਈ ਮਾਮਲੇ ਦਰਜ ਹਨ। ਇਹ ਦੋਵੇਂ ਕਈ ਸਾਲਾਂ ਤੋਂ ਲਾਰੇਂਸ ਬਿਸ਼ਨੋਈ ਨਾਲ ਇਕੱਠੇ ਕੰਮ ਕਰ ਰਹੇ ਸਨ।

ਇਹ ਵੀ ਪੜ੍ਹੋ – ਕਬੂਤਰਾਂ ਦੇ ਸ਼ੌਂਕੀ ਸਾਵਧਾਨ, ਨੌਜਵਾਨ ਨੇ ਗਵਾਈ ਜਾਨ