ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਅਤੇ ਚੰਡੀਗੜ੍ਹ ਟਰਾਂਸਪੋਰਟ ਕਾਰਪੋਰੇਸ਼ਨ ਦਾ ਆਪਸੀ ਵਿਵਾਦ ਚਲ ਰਿਹਾ ਹੈ, ਜਿਸ ਕਾਰਨ ਪੀਆਰਟੀਸੀ ਦੀਆਂ ਮੁਲਾਜ਼ਮ ਜਥੇਬੰਦੀਆਂ ਨੇ ਕਿਹਾ ਹੈ ਕਿ ਉਹ ਆਪਣੀਆਂ ਬੱਸਾਂ ਲੈ ਕੇ ਚੰਡੀਗੜ੍ਹ ਨਹੀਂ ਜਾਣਗੇ। ਇਹ ਸਾਰਾ ਵਿਵਾਦ ਐਂਟਰੀ ਫੀਸ ਨੂੰ ਲੈ ਕੇ ਚਲ ਰਿਹਾ ਹੈ। ਪੀਆਰਟੀਸੀ ਦੇ ਯੂਨੀਅਨ ਪ੍ਰਧਾਨ ਨੇ ਕਿਹਾ ਹੈ ਕਿ ਚੰਡੀਗੜ੍ਹ ਵਿੱਚ ਬੱਸਾਂ ਦੀ ਐਂਟਰੀ ਫ਼ੀਸ 600 ਰੁਪਏ ਪ੍ਰਤੀ ਐਂਟਰੀ ਕੀਤੀ ਗਈ ਹੈ, ਜਿਸ ਕਾਰਨ ਪੀਆਰਟੀਸੀ ਦੀਆਂ ਬੱਸਾਂ ਚੰਡੀਗੜ੍ਹ ਵਿੱਚ ਨਹੀਂ ਜਾਣਗੀਆਂ।
ਯੂਨੀਅਨ ਦੇ ਮੈਂਬਰਾਂ ਨੇ ਕਿਹਾ ਕਿ ਪਹਿਲਾਂ ਹੋਈ ਸਾਂਝੀ ਐਕਸ਼ਨ ਕਮੇਟੀ ਦੀ ਮੀਟਿੰਗ ਵਿੱਚ ਯੂਨੀਅਨ ਆਪਣੀਆਂ ਮੰਗਾਂ ਬਾਰੇ ਚੰਡੀਗੜ੍ਹ ਪ੍ਰਸ਼ਾਸਨ, ਸੀਟੀਯੂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਦੱਸ ਚੁੱਕੀ ਹੈ। ਇਸ ਵਿੱਚ ਦੱਸਿਆ ਸੀ ਕਿ ਪੰਜਾਬ ਵਿੱਚ ਸੀਟੀਯੂ ਦੀਆਂ ਬੱਸਾਂ ਨਾਜਾਇਜ਼ ਚੱਲ ਰਹੀਆਂ ਹਨ, 2008 ਦੇ ਹੋਏ ਸਮਝੌਤੇ ਮੁਤਾਬਕ ਉਨ੍ਹਾਂ ਨੇ 29,562 ਕਿਲੋਮੀਟਰ ਤਹਿਤ ਬੱਸਾਂ ਚਲਾਉਣੀਆਂ ਸਨ ਪਰ ਸੀਟੀਯੂ ਦੀਆਂ ਬੱਸਾਂ ਪੰਜਾਬ ਵਿੱਚ ਜਿਆਦਾ ਘੇਰੇ ਵਿੱਚ ਚਲਾਈਆਂ ਜਾ ਰਹੀਆਂ ਹਨ।
ਯੂਨੀਅਨ ਮੈਂਬਰਾਂ ਨੇ ਦੋਸ਼ ਲਗਾਇਆ ਕਿ ਚੰਡੀਗੜ੍ਹ ਦੇ ਬੱਸ ਸਟੈਂਡ ਉੱਤੇ ਡਰਾਈਵਰਾਂ ਅਤੇ ਸਵਾਰੀਆਂ ਨੂੰ ਸਹੀ ਅਤੇ ਵਧੀਆਂ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ। ਅੱਜ ਪੰਜਾਬ ਦੀਆਂ ਬਹੁਤੀਆਂ ਬੱਸਾਂ ਚੰਡੀਗੜ੍ਹ ਵਿੱਚ ਦਾਖਲ ਨਹੀਂ ਹੋਈਆਂ। ਇਸ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਉਣ ਵਾਲੀਆਂ ਬੱਸਾਂ ਸਿਰਫ਼ ਮੁਹਾਲੀ ਦੇ ਬੱਸ ਸਟੈਂਡ ਉੱਤੇ ਰੁੱਕ ਗਈਆਂ, ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।