ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡੇ-ਵੱਡੇ ਲੀਡਰਾਂ ਵੱਲੋਂ ਪੂਰੇ ਦੇਸ਼ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੱਲੋਂ ਜਲੰਧਰ ‘ਚ ਦੁਆਬੇ ਦੀ ਲੀਡਰਸ਼ਿਪ ਨਾਲ ਮੀਟਿੰਗ ਕੀਤੀ ਗਈ ਹੈ।
ਮੀਟਿੰਗ ਦੌਰਾਨ ਠਾਕੁਰ ਨੇ ਕਿਹਾ ਕਿ ਭਾਜਪਾ ਕੇਂਦਰ ਵਿੱਚ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ। ਉਨ੍ਹਾਂ ਨੇ ਵਿਰੋਧੀ ਧਿਰ ‘ਤੇ ਵੀ ਨਿਸ਼ਾਨਾ ਸਾਧਿਆ। ਅਨੁਰਾਗ ਠਾਕੁਰ ਨੇ ਕਿਹਾ ਕਿ ਸਾਨੂੰ ਪੁੱਛਿਆ ਜਾਂਦਾ ਸੀ ਕਿ ਮੰਦਰ ਕਦੋਂ ਬਣੇਗਾ। ਜਦੋਂ ਮੰਦਿਰ ਬਣਿਆ ਤਾਂ ਉਹ ਸੱਦਾ ਮਿਲਣ ਤੋਂ ਬਾਅਦ ਵੀ ਉੱਥੇ ਨਹੀਂ ਆਏ। ਇੰਡੀਆ ਗਠਜੋੜ ਤੇ ਠਾਕੁਰ ਨੇ ਤੰਜ ਕੱਸਦਿਆਂ ਕਿਹਾ ਕਿ ਇਹ ਗਠਬੰਧਨ ਨਹੀਂ ਸਗੋਂ ਠੱਗਬੰਧਨ ਹੈ।
‘ਆਪ’ ‘ਤੇ ਲਗਾਏ ਨਿਸ਼ਾਨੇ
ਠਾਕੁਰ ਨੇ ‘ਆਪ’ ਤੇ ਤੰਜ ਕੱਸਦਿਆਂ ਕਿਹਾ ਕਿ ਇਹ ਪਹਿਲੀ ਪਾਰਟੀ ਹੈ, ਜਿਸ ਦਾ ਸਿੱਖਿਆ, ਸਿਹਤ ਅਤੇ ਮੁੱਖ ਮੰਤਰੀ ਖੁਦ ਜੇਲ੍ਹ ਵਿੱਚ ਹੈ। ਉਨ੍ਹਾਂ ਕੇਜਰੀਵਾਲ ‘ਤੇ ਚੁਟਕੀ ਲੈਂਦਿਆ ਕਿਹਾ ਕਿ ਉਸ ਨੇ ਜੇਲ੍ਹ ਗਏ ਮੰਤਰੀਆਂ ਤੋਂ ਤਾਂ ਅਸਤੀਫਾ ਲੈ ਲਏ ਪਰ ਆਪ ਅਸਤੀਫਾ ਨਹੀਂ ਦੇ ਰਿਹਾ।
ਅਨੁਰਾਗ ਠਾਕੁਰ ਨੇ ਕਿਹਾ ਕਿ ‘ਆਪ’ ਸਰਕਾਰ ਦੀ ਦੇਖ-ਰੇਖ ‘ਚ ਪੰਜਾਬ ‘ਚ ਨਸ਼ਾ ਅਤੇ ਗੈਂਗਸਟਰਵਾਦ ਵਧਿਆ ਹੈ। ‘ਆਪ’ ਸਰਕਾਰ ਸੂਬੇ ‘ਚ ਕਾਨੂੰਨ ਵਿਵਸਥਾ ਨੂੰ ਸੰਭਾਲਨ ‘ਚ ਬੁਰੀ ਤਰ੍ਹਾਂ ਅਸਫਲ ਰਹੀ ਹੈ।
ਠਾਕੁਰ ਨੇ ਕਿਹਾ ਕਿ ਨਹਿਰੂ ਦੀ ਗਲਤੀ ਕਾਰਨ ਅਸੀਂ ਕਰਤਾਰਪੁਰ ਲਾਂਘਾ ਨਹੀਂ ਬਣਾ ਸਕੇ। ਅੱਜ ਸਾਨੂੰ ਵੀਜ਼ਾ ਲਗਵਾ ਕੇ ਆਪਣੀ ਸ਼ਰਧਾਂਜਲੀ ਭੇਟ ਕਰਨੀ ਪੈ ਰਹੀ ਹੈ। ਪਰ ਲਾਂਘਾ ਖੋਲ੍ਹਣ ਦਾ ਕੰਮ ਸਾਡੀ ਸਰਕਾਰ ਨੇ ਕੀਤਾ ਹੈ।
ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਜਲੰਧਰ ਦੇ ਵਿਕਾਸ ਲਈ ਭੇਜੇ ਗਏ ਪੈਸਿਆਂ ਨੂੰ ਲੈ ਕੇ ‘ਆਪ’ ਅਤੇ ਕਾਂਗਰਸ ਨੂੰ ਸਵਾਲ ਕੀਤੇ ਕਿ ਇਹ ਪੈਸੇ ਕਿੱਥੇ ਖਰਚੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੇਂਦਰੀ ਏਜੰਸੀਆਂ ਜਾਂਚ ਕਰਨਗੀਆਂ ਅਤੇ ਪੈਸੇ ਖਾਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਕਿਸਾਨਾਂ ਲਈ ਕੀਤੇ ਕਈ ਕੰਮ – ਠਾਕੁਰ
ਠਾਕੁਰ ਨੇ ਕਿਹਾ ਕਿ ਜੇਕਰ ਪਿਛਲੇ 10 ਸਾਲਾਂ ਦੀ ਕਾਂਗਰਸ ਦੀ ਭਾਜਪਾ ਨਾਲ ਤੁਲਨਾ ਕਰੀਏ ਤਾਂ ਹੁਣ ਕਿਸਾਨਾਂ ਦੀ ਆਵਾਜ਼ ਸੁਣੀ ਜਾ ਰਹੀ ਹੈ। ਪਰ ਕਾਂਗਰਸ ਦੇ ਸਮੇਂ ਅਜਿਹਾ ਨਹੀਂ ਹੋਇਆ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨੀਤੀ ਤਹਿਤ ਕਿਸਾਨਾਂ ਵਿੱਚ 2.80 ਲੱਖ ਕਰੋੜ ਰੁਪਏ ਵੰਡੇ ਗਏ ਹਨ। ਹਰ ਸਾਲ ਸਾਡੀ ਸਰਕਾਰ ਯੂਰੀਆ ਖਾਦ ‘ਤੇ ਲਗਭਗ 3 ਲੱਖ ਕਰੋੜ ਰੁਪਏ ਦੀ ਸਬਸਿਡੀ ਦੇ ਰਹੀ ਹੈ।
ਦੁਨੀਆ ਭਰ ਵਿੱਚ ਖਾਦ ਦੀਆਂ ਕੀਮਤਾਂ ਵਧੀਆਂ ਹਨ, ਪਰ ਭਾਰਤ ਵਿੱਚ ਨਹੀਂ। ਅਨੁਰਾਗ ਠਾਕੁਰ ਨੇ ਕਿਹਾ ਕਿ ਐੱਮਐੱਸਪੀ ਦੇ ਨਾਂ ‘ਤੇ ਕਿਸਾਨਾਂ ‘ਚ ਭੰਬਲਭੂਸਾ ਫੈਲਾਇਆ ਜਾ ਰਿਹਾ ਹੈ, ਕਈ ਨੇਤਾਵਾਂ ਨੇ ਅਜਿਹਾ ਕੀਤਾ ਹੈ। ਅਸੀਂ ਕਾਂਗਰਸ ਸਰਕਾਰ ਦੇ ਸਮੇਂ ਨਾਲੋਂ ਕਿਸਾਨਾਂ ਨੂੰ ਵੱਧ ਸਹੂਲਤਾਂ ਦੇ ਰਹੇ ਹਾਂ। ਬਜਟ ਵੀ ਉਹੀ ਸੀ ਜੋ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਸੀ। ਭਾਜਪਾ ਨੇ ਕਿਸਾਨਾਂ ਲਈ ਆਪਣੇ ਬਜਟ ਨੂੰ ਵਧਾਇਆ ਹੈ।