Punjab

ਬੱਸੀ ਪਠਾਣਾ ‘ਚ ‘ਆਪ’ ਵਿਧਾਇਕ ਦਾ ਵਿਰੋਧ, ਕੀਤੇ ਸਵਾਲ

ਪੰਜਾਬ ਵਿੱਚ ਜਿੱਥੇ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਉੱਥੇ ਹੀ ਹੁਣ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਲੋਕਾਂ ਵੱਲੋਂ ਸਵਾਲ ਕੀਤੇ ਜਾ ਰਹੇ ਹਨ। ਬੱਸੀ ਪਠਾਣਾ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ। ਔਰਤਾਂ ਨੇ ਵਿਧਾਇਕ ਨੂੰ ਘੇਰ ਲਿਆ ਅਤੇ ਪੁੱਛਿਆ ਕਿ ਤੁਸੀਂ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ, ਉਹ ਕਿੱਥੇ ਗਿਆ? ਮੈਨੂੰ ਇੱਕ ਹਜ਼ਾਰ ਰੁਪਏ ਕਦੋਂ ਮਿਲਣਗੇ? ਪਿੰਡ ਦੀਆਂ ਔਰਤਾਂ ਨੇ ਕਿਹਾ ਤੁਸੀਂ ਵਿਧਾਨ ਸਭਾ ਦੀਆਂ ਵੋਟਾਂ ਤੋਂ ਪਹਿਲਾ ਸਾਡੇ ਪਿੰਡ ਆਏ ਸੀ, ਉਸ ਤੋਂ ਬਾਅਦ ਤੁਸੀਂ ਸਾਡੇ ਪਿੰਡ ਕਿਉਂ ਨਹੀਂ ਆਏ।

ਵਿਧਾਇਕ ਰੁਪਿੰਦਰ ਸਿੰਘ ਹੈਪੀ ਦੇ ਵਿਰੋਧ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਵਿਧਾਇਕ ਲੋਕ ਸਭਾ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ‘ਚ ਪਿੰਡਾਂ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ। ਉਸ ਨੂੰ ਇੱਕ ਪਿੰਡ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਦੋਂ ਔਰਤਾਂ ਨੇ ਵਿਧਾਇਕ ਨੂੰ ਘੇਰ ਕੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਤਾਂ ਉੱਥੇ ਮੌਜੂਦ ਕਿਸੇ ਨੇ ਇਸ ਦੀ ਵੀਡੀਓ ਬਣਾ ਲਈ। ਜਿਸ ਨੂੰ ਬਾਅਦ ‘ਚ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ ਗਿਆ। ਵੀਡੀਓ ‘ਚ ਵਿਧਾਇਕ ਹੈਪੀ ਵੀ ਔਰਤਾਂ ਦੇ ਗੁੱਸੇ ਨੂੰ ਸ਼ਾਂਤ ਕਰਦੇ ਨਜ਼ਰ ਆ ਰਹੇ ਹਨ।

ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਜਿਸ ਪਿੰਡ ‘ਚ ਵੀਡੀਓ ਬਣੀ ਹੈ, ਉਹ ਉਨ੍ਹਾਂ ਦਾ ਆਪਣਾ ਪਿੰਡ ਹੈ। ਔਰਤਾਂ ਉਨ੍ਹਾਂ ਦੀਆਂ ਰਿਸ਼ਤੇਦਾਰ ਹਨ। ਔਰਤਾਂ ਨੇ ਸਧਾਰਨ ਤਰੀਕੇ ਨਾਲ ਪੁੱਛਿਆ ਸੀ ਕਿ ਉਨ੍ਹਾਂ ਨੂੰ 1000 ਰੁਪਏ ਕਦੋਂ ਮਿਲਣੇ ਸ਼ੁਰੂ ਹੋ ਜਾਣਗੇ। ਇਹ ਉਨ੍ਹਾਂ ਦਾ ਅਧਿਕਾਰ ਹੈ। ਜੇਕਰ ਆਮ ਆਦਮੀ ਪਾਰਟੀ ਨੇ ਕੋਈ ਵਾਅਦਾ ਕੀਤਾ ਹੈ ਤਾਂ ਉਸ ਨੂੰ ਜ਼ਰੂਰ ਪੂਰਾ ਕੀਤਾ ਜਾਵੇਗਾ। ਵਿਧਾਇਕ ਨੇ ਵੀਡੀਓ ਵਾਇਰਲ ਕਰਨ ਨੂੰ ਵਿਰੋਧੀਆਂ ਦੀ ਸ਼ਰਾਰਤ ਕਰਾਰ ਦਿੱਤਾ।